ਚੰਡੀਗੜ੍ਹ: "ਬੇਈਮਾਨਾਂ ਦਾ ਤੋੜੋ ਜਾਲ,ਵੋਟ ਜੋੜੋ ਝਾੜੂ ਦੇ ਨਾਲ"। ਪੰਜਾਬ ਦੇ ਆਮ ਆਦਮੀ ਪਾਰਟੀ ਇਹ ਨਵਾਂ ਨਾਅਰਾ ਦੇਣ ਜਾ ਰਹੀ ਹੈ। ਇਹ ਗੱਲ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਇੰਚਾਰਜ ਸੰਜੇ ਸਿੰਘ ਨੇ ਕਹੀ ਹੈ। ਇਸ ਨਾਅਰੇ ਦੇ ਤਹਿਤ ਆਮ ਆਦਮੀ ਪਾਰਟੀ ਪੰਜਾਬ ਦੇ ਹਰ ਘਰ ਘਰ ਤੱਕ ਪੁੱਜੇਗੀ ਤੇ ਸੂਬੇ ਦੇ ਹਰ ਵਿਅਕਤੀ ਨੂੰ ਆਪ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਚੌਥੇ ਫਰੰਟ ਦੇ ਨਾਲ ਨਾਲ ਪੰਜਾਬ ਦਾ ਹਿੱਤ ਚਾਹੁਣ ਵਾਲੀਆਂ ਪਾਰਟੀਆਂ ਲਈ ਰਾਹ ਖੁੱਲ੍ਹੇ ਹਨ ਤੇ ਹੁਣ ਪਹਿਲ ਚੌਥੇ ਫਰੰਟ ਨੇ ਕਰਨੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਆਪ ਦਿੱਲੀ ਦਾ ਇਤਿਹਾਸ ਦੁਹਰਾਏਗੀ ਤੇ ਇਸ ਲਈ ਹਰ ਪੰਜਾਬ ਹਿਤੈਸ਼ੀ ਨੂੰ ਪਾਰਟੀ ਨਾਲ ਜੁੜਣ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ 'ਚ ਅਰਵਿੰਦ ਕਜਰੀਵਾਲ 23 ਨਵੰਬਰ ਦੇ ਨੇੜੇ ਤੇੜੇ ਆ ਸਕਦੇ ਹਨ ਤੇ ਜਲਦ ਹੀ ਪਾਰਟੀ ਦਲਿਤ ਤੇ ਇੰਡਸਟਰੀ ਮੈਨੀਫੈਸਟੋ ਜਾਰੀ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਪਾਰਟੀ ਦੇ ਦਲਿਤ ਭਾਈਚਾਰੇ ਨੂੰ ਬਹੁਤ ਸਨਮਾਨ ਦਿੱਤਾ ਹੈ ਤੇ ਸਾਡੀ ਪਾਰਟੀ ਕਿਸੇ ਨਾਲ ਹੀ ਜਾਤ ਜਾਂ ਧਰਮ ਦੇ ਅਧਾਰ 'ਤੇ ਭੇਦਭਾਵ ਨਹੀਂ ਕਰਦੀ ਹੈ।
ਸੰਜੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਾਰੀਆਂ ਟਿਕਟਾਂ ਆਪਣੇ ਵਰਕਰਾਂ ਨੂੰ ਦੇ ਰਹੀ ਹੈ ਤੇ ਵਿਰੋਧੀ ਪਾਰਟੀਆਂ ਜਾਣ ਬੁੱਝ ਕੇ ਸਾਡੇ ਖ਼ਿਲਾਫ ਕੂੜ ਪ੍ਰਚਾਰ ਕਰ ਰਹੀ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸਾਡੀ ਸਰਕਾਰ ਬਣਨ 'ਤੇ ਹਰ ਤਰ੍ਹਾਂ ਦੇ ਮਾਫੀਆ ਨੂੰ ਖ਼ਤਮ ਕੀਤਾ ਜਾਵੇਗਾ।