ਲੁਧਿਆਣਾ : ਆਮ ਆਦਮੀ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਤੇ ਦਰਬਾਰ ਸਾਹਿਬ ਦੀ ਫ਼ੋਟੋ ਦੇ ਨਾਲ ਆਪਣਾ ਚੋਣ ਨਿਸ਼ਾਨ ਝਾੜੂ ਲਾਏ ਜਾਣ ਦਾ ਵਿਵਾਦ ਹਾਲੇ ਸ਼ਾਂਤ ਨਹੀਂ ਹੋਇਆ ਕਿ ਪਾਰਟੀ ਲਈ ਇੱਕ ਹੋਰ ਵੱਡੀ ਮੁਸੀਬਤ ਖੜੀ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਹਾਲੈਂਡ ਦੇ ਐਮਸਟਰਡਮ ਸ਼ਹਿਰ ਵਿਚ ਗੁਰਦੁਆਰਾ ਮਾਨ ਸਰੋਵਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੇਜਰੀਵਾਲ ਅਤੇ ਸੁੱਚਾ ਸਿੰਘ ਛੋਟੇਪੁਰ ਦੀਆਂ ਤਸਵੀਰਾਂ ਉੱਚੀਆਂ ਲਾ ਕੇ ਸ਼ਬਦ ਗੁਰੂ ਦਾ ਅਪਮਾਨ ਕਰਨ ਦੇ ਇਲਜ਼ਾਮ ਲੱਗੇ ਹਨ।
ਇਹ ਇਲਜ਼ਾਮ ਯੂਥ ਅਕਾਲੀ ਦਲ ਸ਼ਹਿਰੀ-2 ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਲਾਏ ਹਨ। ਉਨ੍ਹਾਂ ਇੱਕ ਕਾਂਫ੍ਰੈਂਸ ਕਰ ਕਿਹਾ ਕਿ ਇਸ ਘਟਨਾ ਦੇ ਨਾਲ ਇੱਕ ਵਾਰ ਫਿਰ ਸਿੱਖਾਂ ਦੇ ਦਿਲਾਂ ਨੂੰ ਸੱਟ ਵੱਜੀ ਹੈ। ਉਨ੍ਹਾਂ ਛੋਟੇਪੁਰ ਵੱਲੋਂ ਹਾਲੈਂਡ ਦੇ ਐਮਸਟਰਡਮ ਸ਼ਹਿਰ ਵਿਖੇ ਗੁਰਦੁਆਰਾ ਮਾਨ ਸਰੋਵਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੇਜਰੀਵਾਲ ਅਤੇ ਸੁੱਚਾ ਸਿੰਘ ਛੋਟੇਪੁਰ ਦੀਆਂ ਤਸਵੀਰਾਂ ਮੀਡੀਆ ਸਾਹਮਣੇ ਰੱਖਿਆ।
ਉਨ੍ਹਾਂ ਦੱਸਿਆ ਕਿ ਬੀਤੇ 3 ਅਪ੍ਰੈਲ ਨੂੰ ਛੋਟੇਪੁਰ ਹਾਲੈਂਡ ਸਥਿਤ ਗੁਰਦੁਆਰਾ ਮਾਨ ਸਰੋਵਰ ਸਾਹਿਬ ਵਿੱਚ ਰੱਖੀ ਬੈਠਕ ਦੌਰਾਨ ਬਤੌਰ ਮੁੱਖ ਮਹਿਮਾਨ ਪੁੱਜੇ ਸਨ। ਗੋਸ਼ਾ ਨੇ ਕਿਹਾ ਹੈ ਕਿ ਛੋਟੇਪੁਰ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਛੋਟੇਪੁਰ ਸਿੱਖ ਦੇ ਭੇਸ ਵਿੱਚ ਗ਼ੱਦਾਰ ਬਣ ਕੇ ਪੰਜਾਬ ਵਿੱਚ ਸੱਤਾ ਹਾਸਿਲ ਕਰਨ ਦੀ ਜਲਦਬਾਜ਼ੀ ਵਿੱਚ ਵਾਰ-ਵਾਰ ਸਿੱਖ ਧਰਮ ਦੀਆਂ ਮਰਿਆਦਾਵਾਂ ਨੂੰ ਤੋੜਦੇ ਹਨ।
ਉਨ੍ਹਾਂ ਕਿਹਾ ਕਿ ਛੋਟੇਪੁਰ ਨੇ ਗੁਰੂ ਸਾਹਿਬ ਤੋਂ ਉੱਚੇ ਹੋਰਡਿੰਗ ਲਾ ਕੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਹੈ। ਜਿਸ ਦੇ ਚੱਲਦੇ ਹਾਲੈਂਡ ਦੀ ਸਿੱਖ ਸੰਗਤ ਵਿੱਚ ਰੋਸ ਹੈ। ਉਨ੍ਹਾਂ ਦੱਸਿਆ ਕਿ ਛੋਟੇਪੁਰ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਫੇਸ ਬੁੱਕ ਅਕਾਊਟ ਤੇ ਸ਼ੇਅਰ ਕੀਤਾ ਹੈ।