ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਨਸ਼ੇ ਦੇ ਮੁੱਦੇ ਉੱਤੇ ਅਕਾਲੀ ਸਰਕਾਰ ਖ਼ਿਲਾਫ਼ ਨਵਾਂ ਪੈਂਤੜਾ ਅਖ਼ਤਿਆਰ ਕਰ ਲਿਆ ਹੈ। ਪਾਰਟੀ ਦੇ ਸੀਨੀਅਰ ਆਗੂਆਂ ਉੱਤੇ ਮਾਣਹਾਨੀ ਦੇ ਕੇਸ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਨੇ ਅਕਾਲੀ ਸਰਕਾਰ ਲਈ ਨਸ਼ੇ ਦੇ ਮੁੱਦੇ ਉੱਤੇ ਖੁੱਲ੍ਹੀ ਚੁਨੌਤੀ ਪੇਸ਼ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਉੱਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਾਉਂਦਿਆਂ ਉਨ੍ਹਾਂ ਵਿਰੁੱਧ ਰਾਜ ਭਰ ਵਿੱਚ ਹੋਰਡਿੰਗ ਲਾ ਦਿੱਤੇ ਹਨ। ਜ਼ਿਆਦਾਤਰ ਪੋਸਟਰ ਮਾਝੇ ਤੇ ਮਾਲਵੇ ਖ਼ਿੱਤੇ ਵਿੱਚ ਲਾਏ ਗਏ ਹਨ।
ਪੋਸਟਰ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਫ਼ੋਟੋ ਲੱਗੀ ਹੋਈ ਹੈ। ਇਸ ਤੋਂ ਇਲਾਵਾ ਪੋਸਟਰ ਉੱਤੇ ‘ਮੈਂ ਹਜ਼ਾਰ ਵਾਰ ਦਾਅਵਾ ਕਰਦਾ ਹਾਂ ਕਿ ਮਜੀਠੀਆ ਨਸ਼ਾ ਤਸਕਰ ਹੈ।’’ਫ਼ਿਲਹਾਲ ਇਹ ਪੋਸਟਰ ਸ਼ੁਤਰਾਣਾ ਹਲਕੇ ਵਿੱਚ ਲੱਗੇ ਹੋਏ ਹਨ। ਸ਼ੁਤਰਾਣਾ ਤੋਂ ‘ਆਪ’ ਆਗੂ ਪਰਮਜੀਤ ਸਿੰਘ ਕੈਂਥ ਨੇ ਇਹ ਹੋਰਡਿੰਗ ਜਾਰੀ ਕੀਤੇ ਹਨ। ਇਨ੍ਹਾਂ ਉੱਤੇ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਕੈਂਥ ਨੇ ਆਪਣੀ ਫ਼ੋਟੋ ਵੀ ਲਾਈ ਹੈ।
ਅਜਿਹੇ ਹੋਰਡਿੰਗ ਰਾਜ ਦੇ ਕਈ ਹੋਰ ਹਿੱਸਿਆਂ ਵਿੱਚ ਲਾਏ ਗਏ ਹਨ। ਸੂਤਰਾਂ ਅਨੁਸਾਰ ਪਾਰਟੀ 29 ਜੁਲਾਈ ਤੋਂ ਪਹਿਲਾਂ ਹਰੇਕ ਲੋਕ ਸਭਾ ਹਲਕੇ ਵਿੱਚ ਤਕਰੀਬਨ 300 ਅਜਿਹੇ ਪੋਸਟਰ ਤੇ ਹੋਰਡਿੰਗ ਲਾਏ ਜਾਣਗੇ। ਜ਼ਿਕਰਯੋਗ ਹੈ ਕਿ 29 ਜੁਲਾਈ ਨੂੰ ਹੀ ਕੇਜਰੀਵਾਲ ਵਿਰੁੱਧ ਦਰਜ ਕੇਸ ਦੀ ਅਗਲੀ ਸੁਣਵਾਈ ਤੈਅ ਹੈ। ਪਾਠਕ ਨੇ ਕਿਹਾ ਕਿ ਫ਼ੋਨ ਕਰਨ ਵਾਲੇ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਜਾਵੇਗੀ।
ਯਾਦ ਰਹੇ ਕਿ ਬਿਕਰਮ ਸਿੰਘ ਮਜੀਠੀਆ ਨੇ ਆਪ ਦੇ ਕਈ ਆਗੂਆਂ ਖ਼ਿਲਾਫ਼ ਮਾਣਹਾਨੀ ਦੇ ਕੇਸ ਦਰਜ ਕਰਵਾਏ ਹੋਏ ਹਨ। ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਸੰਜੇ ਸਿੰਘ ਖ਼ਿਲਾਫ਼ ਲੁਧਿਆਣਾ ਵਿੱਚ ਤੇ ਅਰਵਿੰਦ ਕੇਜਰੀਵਾਲ ਤੇ ਹੋਰਾਂ ਵਿਰੁੱਧ ਅੰਮ੍ਰਿਤਸਰ ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ।