ਨਵੀਂ ਦਿੱਲੀ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਇਲਜ਼ਾਮਾਂ ਨੂੰ ਕਾਂਗਰਸ ਲੀਡਰ ਜੈਰਾਮ ਰਮੇਸ਼ ਨੇ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਖੁਦ ਮਾਫੀ ਮੰਗਣ ਦੀ ਬਜਾਏ ਚਾਹੁੰਦੀ ਹੈ ਕਿ ਉਹ ਮਾਫੀ ਮੰਗਣ। ਰਮੇਸ਼ ਦਾ ਕਹਿਣਾ ਹੈ ਕਿ ਸਭਾਪਤੀ ਵੱਲੋਂ ਪੁੱਛੇ ਜਾਣ 'ਤੇ ਉਹ ਤੇ ਰੇਣੂਕਾ ਆਪਣਾ ਪੱਖ ਸਪਸ਼ਟ ਕਰਨਗੇ।
ਹਰਸਿਮਰਤ ਨੇ ਇਲਜ਼ਾਮ ਲਾਇਆ ਸੀ ਕਿ ਸ਼ੁੱਕਰਵਾਰ ਨੂੰ ਰਾਜ ਸਭਾ ਦੀ ਕਾਰਵਾਈ ਮੁਅੱਤਲ ਹੋਣ ਤੋਂ ਬਾਅਦ ਰਮੇਸ਼ ਨੇ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਸੀ। ਹਰਸਿਮਰਤ ਨੇ ਕਿਹਾ ਸੀ ਕਿ ਰੇਣੂਕਾ ਚੌਧਰੀ ਤੇ ਜੈ ਰਾਮ ਰਮੇਸ਼ ਨੇ ਉਸ ਨੂੰ ਕਚਰਾ ਕਿਹਾ ਤੇ ਵਿਰੋਧ ਕਰਨ ‘ਤੇ ਕਿਹਾ ਮਗਰੋਂ ਲਹਿ। ਉਸ ਵੇਲੇ ਰਾਜ ਸਭਾ ਵਿੱਚ ਭਗਵੰਤ ਮਾਨ ਵੱਲੋਂ ਵੀਡੀਓ ਬਣਾਉਣ ਦੇ ਮੁੱਦੇ 'ਤੇ ਹੰਗਾਮਾ ਹੋ ਰਿਹਾ ਸੀ। ਸਦਨ ਦੀ ਕਾਰਵਾਈ ਠੱਪ ਹੋਣ ਤੋਂ ਬਾਅਦ ਦੋਹਾਂ ਵਿਚਕਾਰ ਬਹਿਸ ਹੋਈ।
ਹਰਸਿਮਰਤ ਨੇ ਇਲਜ਼ਾਮ ਲਾਇਆ ਸੀ ਕਿ ਕਾਂਗਰਸੀ ਲੀਡਰ ਸ਼ੋਰ ਮਚਾ ਰਹੀ ਸੀ। ਨਾਲ ਹੀ ਮੇਰੇ ਨਾਲ ਆ ਕੇ ਬਦਤਮੀਜ਼ੀ ਕਰਨ ਲੱਗੀ। ਕਾਂਗਰਸੀ ਲੀਡਰ ਨੇ ਹਰਸਿਮਰਤ ਨੂੰ ਕਿਹਾ ਕਿ ਤੂੰ ਹਾਊਸ ਵਿੱਚ ਸ਼ੋਰ ਕਿਉਂ ਮਚਾ ਰਹੀ ਹੈ? ਉਨ੍ਹਾਂ ਇਲਜ਼ਾਮ ਲਾਇਆ ਕਿ ਰੇਣੂਕਾ ਨੇ ਤਾਂ ਅਜਿਹੇ ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਅਜਿਹਾ ਕੂੜਾ ਕਿੱਥੋਂ ਆ ਜਾਂਦਾ ਹੈ।
ਹਰਸਿਮਰਤ ਨੇ ਰਾਜ ਸਭਾ ਦੇ ਸਭਾਪਤੀ ਹਾਮਿਦ ਅੰਸਾਰੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਰਮੇਸ਼ ਤੇ ਰੇਣੂਕਾ ਚੌਧਰੀ ਖਿਲਾਫ ਕਾਰਵਾਈ ਕਰਨ ਲਈ ਕਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਦੋਵਾਂ ਲੀਡਰਾਂ ਖਿਲਾਫ ਮਰਿਆਦਾ ਮਤਾ ਲਿਆਂਦਾ ਹੈ। ਇਹ ਮਤਾ ਸਭਪਤੀ ਕੋਲ ਪਿਆ ਹੈ। ਰਮੇਸ਼ ਦਾ ਕਹਿਣਾ ਹੈ ਕਿ ਸਭਾਪਤੀ ਵੱਲੋਂ ਪੁੱਛੇ ਜਾਣ 'ਤੇ ਉਹ ਤੇ ਰੇਣੂਕਾ ਆਪਣਾ ਪੱਖ ਸਪਸ਼ਟ ਕਰਨਗੇ।