ਚੀਮਾ ਮੰਡੀ: ਪੰਜਾਬ ਵਿੱਚ ਕਰਜ਼ੇ ਕਾਰਨ ਦੋ ਹੋਰ ਕਿਸਾਨਾਂ ਨੇ ਖ਼ੁਦਕੁਸ਼ੀ ਕਰ ਲਈ ਹੈ। ਦੋਵੇਂ ਕਿਸਾਨ ਚੀਮਾ ਮੰਡੀ ਦੇ ਰਹਿਣ ਵਾਲੇ ਸਨ। ਕਿਸਾਨ ਜੀਤ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਤੇ ਦੂਜੇ ਕਿਸਾਨ ਗੁਰਚਰਨ ਸਿੰਘ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੈ। ਦੋ ਕਿਸਾਨਾਂ ਦੀ ਖ਼ੁਦਕੁਸ਼ੀ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਕਸਬੇ ਦੇ ਵਾਰਡ ਨੰਬਰ ਸੱਤ ਦੇ ਵਸਨੀਕ ਜੀਤ ਸਿੰਘ ਦੇ ਪੁੱਤਰ ਤਰਸੇਮ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਨੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕੀਤੀ ਸੀ, ਪਰ ਗੜੇਮਾਰੀ ਕਾਰਨ ਉਨ੍ਹਾਂ ਦੀ ਫ਼ਸਲ ਦਾ ਨੁਕਸਾਨ ਹੋ ਗਿਆ ਸੀ।

 

 

 

 

ਇਸ ਕਰ ਕੇ ਉਨ੍ਹਾਂ ਸਿਰ ਬੈਂਕ ਦਾ ਤੇ ਹੋਰ ਕਰਜ਼ਾ ਚੜ੍ਹਨ ਕਰ ਕੇ ਜੀਤ ਸਿੰਘ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਰਹਿੰਦਾ ਸੀ। ਇਸ ਕਰ ਕੇ ਸੋਮਵਾਰ ਨੂੰ ਖੇਤ ਵਿੱਚ ਜਾ ਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜਾਨ ਦੇ ਦਿੱਤੀ। ਇਸੇ ਤਰ੍ਹਾਂ ਕਸਬੇ ਦੇ ਇੱਕ ਹੋਰ ਕਿਸਾਨ ਗੁਰਚਰਨ ਸਿੰਘ ਨੇ ਆਪਣੇ ਘਰ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।

 

 

 

 

ਥਾਣਾ ਚੀਮਾ ਦੇ ਹੌਲਦਾਰ ਮਾਨ ਸਿੰਘ ਨੇ ਦੱਸਿਆ ਕਿ ਕਸਬੇ ਦੇ ਵਾਰਡ ਨੰਬਰ ਸੱਤ ਦਾ ਵਸਨੀਕ ਗੁਰਚਰਨ ਸਿੰਘ ਪੁੱਤਰ ਸਰਦਾਰਾ ਸਿੰਘ ਸਹਿਕਾਰੀ ਸੁਸਾਇਟੀ ਵਿੱਚ ਕੰਮ ਕਰਦਾ ਸੀ। ਉਸ ਦੀ ਜ਼ਮੀਨ ਗਹਿਣੇ ਹੋਣ ਤੇ ਬੈਂਕਾਂ ਦਾ ਕਰਜ਼ਾਈ ਹੋਣ ਕਰ ਕੇ ਉਹ ਕਾਫ਼ੀ ਸਮੇਂ ਤੋਂ ਦਿਮਾਗ਼ੀ ਤੌਰ ਉੱਤੇ ਪ੍ਰੇਸ਼ਾਨ ਸੀ। ਉਸ ਨੇ ਅੱਜ ਸਵੇਰੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਲੋੜੀਂਦੀ ਕਾਰਵਾਈ ਕਰਨ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ