ਚੰਡੀਗੜ੍ਹ: ਬੀਜੇਪੀ ਦੇ ਸਾਬਕਾ ਸਾਂਸਦ ਨਵਜੋਤ ਸਿੱਧੂ ਬੜਾ ਬੋਚ-ਬੋਚ ਚੱਲ ਰਹੇ ਹਨ। ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣ ਮਗਰੋਂ ਨਵਜੋਤ ਸਿੱਧੂ ਸੋਮਵਾਰ ਨੂੰ ਪਹਿਲੀ ਵਾਰ ਮੀਡੀਆ ਦੇ ਰੂ-ਬਰੂ ਹੋਏ। ਇਸ ਦੇ ਬਾਵਜੂਦ ਉਨ੍ਹਾਂ ਆਪਣੇ ਪੱਤੇ ਨਹੀਂ ਖੋਲ੍ਹੇ। ਮੀਡੀਆ ਨੂੰ ਸਿੱਧੂ ਤੋਂ ਕਿਸੇ ਵੱਡੇ ਖੁਲਾਸੇ ਦੀ ਉਮੀਦ ਸੀ ਪਰ ਉਹ ਅਜੇ ਸਸਪੈਂਸ ਰੱਖਣਾ ਚਾਹੁੰਦੇ ਹਨ। ਦਰਅਸਲ ਸਿੱਧੂ ਅਜੇ ਮੀਡੀਆ ਵਿੱਚ ਬਣੇ ਰਹਿਣਾ ਚਾਹੁੰਦੇ ਹਨ।

 

 

ਉਂਝ, ਸਿੱਧੂ ਨੇ ਅੱਜ ਜਿਸ ਅੰਦਾਜ਼ ਵਿੱਚ ਆਪਣੀ ਸਾਬਕਾ ਪਾਰਟੀ ਬੀਜੇਪੀ 'ਤੇ ਨਿਸ਼ਾਨਾ ਸਾਧਿਆ, ਉਸ ਤੋਂ ਸਪਸ਼ਟ ਹੈ ਕਿ ਉਹ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋਣਾ ਚਾਹੁੰਦੇ ਹਨ। ਦੂਜੇ ਉਨ੍ਹਾਂ ਨੇ ਇਹ ਸਪਸ਼ਟ ਕਰਨ ਦਾ ਯਤਨ ਕੀਤਾ ਹੈ ਕਿ ਉਨ੍ਹਾਂ ਪਾਰਟੀ ਨੂੰ ਦਗਾ ਨਹੀਂ ਦਿੱਤਾ ਸਗੋਂ ਉਨ੍ਹਾਂ ਨੂੰ ਪਾਰਟੀ ਛੱਡਣ ਲਈ ਮਜਬੂਰ ਕੀਤਾ ਗਿਆ ਹੈ। ਤੀਜਾ ਉਨ੍ਹਾਂ ਨੇ ਅਸਿੱਧੇ ਤਰੀਕੇ ਨਾਲ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਹੈ ਕਿ ਇਸ ਇਸ਼ਾਰੇ 'ਤੇ ਹੀ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਤੋਂ ਦੂਰ ਕੀਤਾ ਗਿਆ ਸੀ।

 

 

ਸੂਤਰਾਂ ਮੁਤਾਬਕ ਸਿੱਧੂ ਅੱਜਕੱਲ੍ਹ ਪੰਜਾਬ ਦੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਹ ਇਸ ਚਰਚਾ ਨੂੰ ਅਜੇ ਹੋਰ ਲਮਕਾਉਣਾ ਚਾਹੁੰਦੇ ਹਨ। ਇਸ ਨਾਲ ਉਨ੍ਹਾਂ ਨੂੰ ਸਿਆਸੀ ਤੌਰ 'ਤੇ ਮਿਲੇਗਾ। ਸਿੱਧੂ ਮੀਡੀਆ ਦੀ ਅਹਿਮੀਅਤ ਸਮਝਦੇ ਹਨ। ਉਹ ਇਸ ਨੂੰ ਆਪਣੀ ਪਬਲੀਸਿਟੀ ਲਈ ਹਥਿਆਰ ਵਾਂਗ ਵਰਤ ਰਹੇ ਹਨ। ਇਸ ਤੋਂ ਇਲਾਵਾ ਇਹ ਵੀ ਚਰਚਾ ਹੈ ਕਿ ਕਾਂਗਰਸ ਪਾਰਟੀ ਵੀ ਉਨ੍ਹਾਂ ਨਾਲ ਰਾਬਤਾ ਬਣਾ ਰਹੀ ਹੈ। ਉਂਝ ਸਿੱਧੂ ਤੇ ਉਨ੍ਹਾਂ ਪਤਨੀ ਨਵਜੋਤ ਕੌਰ ਵੱਲੋਂ ਹੁਣ ਤੱਖ ਦਿੱਤੇ ਸੰਕੇਤਾਂ ਤੋਂ ਇਹ ਸਪਸ਼ਟ ਹੈ ਕਿ ਉਹ ਆਮ ਆਦਮੀ ਪਾਰਟੀ ਵਿੱਚ ਹੀ ਜਾਣਗੇ।

 

 

ਸਿਆਸੀ ਮਹਿਰਾਂ ਦਾ ਕਹਿਣਾ ਹੈ ਕਿ ਸਿੱਧੂ ਹੀਰੋ ਵਜੋਂ ਐਂਟਰੀ ਮਾਰਨਾ ਚਾਹੁੰਦੇ ਹਨ। ਇਸ ਲਈ ਉਹ ਸਹੀ ਸਮੇਂ ਤੇ ਸਥਾਨ 'ਤੇ ਹੀ ਐਲਾਨ ਕਰਨਗੇ। ਇਸ ਲਈ ਉਨ੍ਹਾਂ ਨੇ ਕਹਾਣੀ ਦਾ ਅੰਤ ਅੱਜ ਹੀ ਨਹੀਂ ਕੀਤਾ। ਉਹ ਅਗਲੇ ਦਿਨਾਂ ਦੌਰਾਨ ਹੋਰ ਚਰਚਾ ਵਿੱਚ ਰਹਿਣਗੇ। ਫਿਰ ਸੀਨ 'ਤੇ ਆਉਣਗੇ ਤੇ ਵੱਡਾ ਧਮਾਕਾ ਕਰਨਗੇ। ਇਸ ਦਾ ਸਿੱਧੂ ਦੇ ਨਾਲ-ਨਾਲ ਉਸ ਪਾਰਟੀ ਨੂੰ ਵੀ ਫਾਇਦਾ ਹੋਏਗਾ ਜਿਸ ਵਿੱਚ ਉਹ ਜਾਣਗੇ।