ਅੰਮ੍ਰਿਤਸਰ: ਬੀਜੇਪੀ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਅਸਤੀਫੇ ਪਿੱਛੇ ਦੱਸੇ ਗਏ ਕਾਰਨਾਂ ਨੂੰ ਅਕਾਲੀ ਦਲ ਨੇ ਗ਼ਲਤ ਕਰਾਰ ਦਿੱਤਾ ਹੈ। ਅਕਾਲੀ ਦਲ ਨੇ ਕਿਹਾ ਹੈ ਕਿ ਸਿੱਧੂ ਨੇ ਆਪਣੀ ਮਾਂ ਪਾਰਟੀ ਬਾਰੇ ਗ਼ਲਤ ਬਿਆਨਬਾਜ਼ੀ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਦੇ ਵੀ ਸਕੇ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕੇ ਸਿੱਧੂ ਨੂੰ ਅਸਲ ਵਿੱਚ ਸਿਆਸਤ ਬਾਰੇ ਕੋਈ ਜਾਣਕਾਰੀ ਹੀ ਨਹੀਂ।

 

 

ਵਲਟੋਹਾ ਨੇ ਸਵਾਲ ਕੀਤਾ ਕਿ ਜੇਕਰ ਸਿੱਧੂ ਦਾ ਪੰਜਾਬ ਤੇ ਅੰਮ੍ਰਿਤਸਰ ਦੇ ਲੋਕਾਂ ਨਾਲ ਇੰਨਾ ਪਿਆਰ ਸੀ ਤਾਂ ਉਨ੍ਹਾਂ ਨੇ ਪਹਿਲਾਂ ਰਾਜ ਸਭਾ ਵਿੱਚ ਜਾਣ ਦਾ ਫੈਸਲਾ ਹੀ ਕਿਉਂ ਕੀਤਾ ਸੀ? ਵਲਟੋਹਾ ਨੇ ਕਿਹਾ ਕਿ ਸਿੱਧੂ ਕ੍ਰਿਕਟ ਦੀ ਕਮੈਂਟਰੀ ਜਾਂ ਫਿਰ ਕਾਮੇਡੀ ਤਾਂ ਵਧੀਆ ਕਰ ਸਕਦੇ ਹਨ ਪਰ ਅਜਿਹੀ ਰਾਜਨੀਤੀ ਕਰਕੇ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ। ਵਲਟੋਹਾ ਨੇ ਕਿਹਾ ਕਿ ਸਿੱਧੂ ਦੀ ਪੰਜਾਬ ਨਾਲ ਕੋਈ ਹਮਦਰਦੀ ਨਹੀਂ। ਇਸ ਦੀ ਮਿਸਾਲ ਇਹ ਹੈ ਕੇ ਸਿੱਧੂ ਸਾਂਸਦ ਹੁੰਦਿਆਂ ਵੀ ਅੰਮ੍ਰਿਤਸਰ ਵਿੱਚ ਬਹੁਤ ਘੱਟ ਰਹੇ ਹਨ।

 

 

ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਆਉਣ ਬਾਰੇ ਵਲਟੋਹਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਕਾਲੀ ਦਲ ਲਈ ਨਾ ਤਾਂ ਪਹਿਲਾਂ ਕੋਈ ਚੁਣੌਤੀ ਸੀ ਤੇ ਨਾ ਹੀ ਸਿੱਧੂ ਦੇ ਇਸ ਵਿੱਚ ਆਉਣ ਨਾਲ ਕੋਈ ਫਰਕ ਪਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅੱਜ ਪੰਜਾਬ ਵਿੱਚ ਤੀਜੇ ਨੰਬਰ 'ਤੇ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਗਰਾਫ ਦਿਨੋਂ-ਦਿਨ ਹੇਠਾਂ ਨੂੰ ਆ ਰਿਹਾ ਹੈ।