ਚੰਡੀਗੜ੍ਹ: ਲਗਾਤਾਰ ਵਧ ਰਹੀ ਮੰਹਿਗਾਈ ਦੇ ਦੌਰ ਵਿੱਚ ਆਮ ਆਦਮੀ ਦੇ ਘਰ ਦਾ ਬਜਟ ਵਿਗੜਦਾ ਜਾ ਰਿਹਾ ਹੈ। ਹੁਣ ਇਸ ਦੀ ਇੱਕ ਹੋਰ ਮਾਰ ਤੁਹਾਡੇ 'ਤੇ ਪੈਣ ਜਾ ਰਹੀ ਹੈ ਕਿਉਂਕਿ ਰੋਜ਼ਾਨਾ ਘਰ ਵਿੱਚ ਵਰਤੀ ਜਾਣ ਵਾਲੀ ਬ੍ਰੈੱਡ ਦੇ ਰੇਟਾਂ ਵਿੱਚ ਭਾਰੀ ਇਜ਼ਾਫਾ ਹੋਇਆ ਹੈ। ਬ੍ਰੈੱਡ ਬਣਾਉਣ ਵਾਲੀਆਂ ਤਕਰੀਬਨ ਸਾਰੀਆਂ ਕੰਪਨੀਆਂ ਨੇ ਬ੍ਰੈੱਡ ਦੇ ਰੇਟਾਂ ਵਿੱਚ ਪ੍ਰਤੀ ਪੈਕਟ ਪੰਜ ਰੁਪਏ ਵਾਧਾ ਕਰ ਦਿੱਤਾ ਹੈ। ਬੀਤੇ ਦੋ ਦਿਨਾਂ ਤੋਂ ਇਹ ਨਵੇਂ ਰੇਟ ਲਾਗੂ ਹੋ ਗਏ ਹਨ।

 

 

ਦੂਜੇ ਪਾਸੇ ਬ੍ਰੈੱਡ ਉਪਭੋਗਤਾ ਇਸ ਤੋਂ ਨਾਰਾਜ਼ ਨਜ਼ਰ ਆ ਰਹੇ ਹਨ। ਕੰਪਨੀਆਂ ਦੇ ਇਸ ਫੈਸਲੇ ਤੋਂ ਸਿਰਫ ਉਪਭੋਗਤਾ ਹੀ ਨਹੀਂ ਦੁਕਾਨਦਾਰ ਵੀ ਨਾਖੁਸ਼ ਹਨ। ਉਨ੍ਹਾ ਦਾ ਕਹਿਣਾ ਹੈ ਕਿ ਚਾਹੇ ਇਸ ਫੈਸਲੇ ਨਾਲ ਜ਼ਿਆਦਾ ਸੇਲ ਤਾਂ ਪ੍ਰਭਾਵਿਤ ਨਹੀਂ ਹੋਈ ਹੈ, ਪਰ ਇੱਕ ਉਪਭੋਗਤਾ ਹੋਣ ਦੇ ਨਾਤੇ ਉਨ੍ਹਾਂ ਦੇ ਘਰ ਵੀ ਬ੍ਰੈੱਡ ਦੀ ਵਰਤੋਂ ਹੁੰਦੀ ਹੈ। ਵਧਦੇ ਰੇਟਾਂ ਕਾਰਨ ਘਰ ਦਾ ਬਜਟ ਇਸ ਤੋਂ ਪ੍ਰਭਾਵਿਤ ਹੋਇਆ ਹੈ।

 

 

ਬ੍ਰੈੱਡ ਉਪਭੋਗਤਾਵਾਂ ਦਾ ਕਹਿਣਾ ਹੈ ਕਿ ਅਚਾਨਕ ਹੀ ਪੰਜ ਰੁਪਏ ਵਧਾ ਦੇਣਾ ਸਹੀ ਨਹੀਂ। ਜੇਕਰ ਮਹਿੰਗਾਈ ਵਧੀ ਹੈ ਤਾਂ ਕੰਪਨੀ ਨੂੰ 1-2 ਰੁਪਏ ਤੱਕ ਮੁੱਲ ਵਧਾ ਸਕਦੀ ਸੀ ਪਰ ਪੰਜ ਰੁਪਏ ਵਧਾਉਣਾ ਜਾਇਜ਼ ਨਹੀਂ। ਇਹ ਹੀ ਨਹੀਂ ਮੋਹਾਲੀ ਤੋਂ ਡਿਸਟ੍ਰਿਬਿਊਟਰ ਨੇ ਵੀ ਦੱਸਿਆ ਕਿ ਅਚਾਨਕ ਵਧੇ ਰੇਟਾਂ ਦੀ ਕੰਪਲੇਟ ਆਈ ਹੈ ਪਰ ਇਹ ਕੰਪਨੀ ਦਾ ਫੈਸਲਾ ਹੈ। ਉਹ ਇਸ ਵਿੱਚ ਕੁਝ ਨਹੀਂ ਕਰ ਸਕਦੇ।