ਨਵੀਂ ਦਿੱਲੀ: (ਨਪਿੰਦਰ ਸਿੰਘ ਬਰਾੜ) ਰਾਜ ਸਭਾ ਮੈਂਬਰ ਵਜੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਨਵਜੋਤ ਸਿੱਧੂ ਮੀਡੀਆ ਦੇ ਸਾਹਮਣੇ ਆਏ। ਸਿੱਧੂ ਨੇ ਮੀਡੀਆ ਸਾਹਮਣੇ ਬੀਜੇਪੀ ਦੇ ਭੇਦ ਖੋਲਦਿਆਂ ਵੱਡਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਮੈਨੂੰ ਪੰਜਾਬ ਵੱਲ੍ਹ ਮੂੰਹ ਨਾ ਕਰਨ ਦੀ ਸ਼ਰਤ 'ਤੇ ਰਾਜ ਸਭਾ ਮੈਂਬਰ ਦੀ ਕੁਰਸੀ 'ਤੇ ਬੈਠਣ ਲਈ ਕਿਹਾ ਜਾ ਰਿਹਾ ਸੀ। ਪੰਛੀ ਵੀ ਆਪਣਾ ਆਲਣਾ ਨਹੀਂ ਛੱਡਦੇ ਮੈਂ ਪੰਜਾਬ ਕਿਵੇਂ ਛੱਡ ਦਿੰਦਾ। ਜਿੰਨਾਂ ਲੋਕਾਂ ਨੇ ਚਾਰ ਵਾਰ ਮੈਨੂੰ ਜਿਤਾਇਆ ਮੈਂ ਉਨ੍ਹਾਂ ਲੋਕਾਂ ਨੂੰ ਕਿਵੇਂ ਛੱਡ ਦਿੰਦਾ। ਕੁੱਝ ਵੀ ਹੋਵੇ ਮੈਂ ਆਪਣੀ ਜੜ ਨਹੀਂ ਛੱਡਾਂਗਾ।
ਸਿੱਧੂ ਨੇ ਕਿਹਾ ਕਿ ਮੇਰੇ ਲਈ ਪੰਜਾਬ ਤੋਂ ਜਰੂਰੀ ਕੁੱਝ ਨਹੀਂ। ਕੋਈ ਪਾਰਟੀ ਪੰਜਾਬ ਤੋਂ ਵੱਧ ਨਹੀਂ। ਜਿੱਥੇ ਪੰਜਾਬ ਦਾ ਹਿੱਤ ਹੋਏਗਾ, ਸਿੱਧੂ ਉੱਥੇ ਹੀ ਜਾਏਗਾ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਸਮੇਂ ਮੈਨੂੰ ਅੰਮ੍ਰਿਤਸਰ ਦੀ ਥਾਂ ਕੁਰਕਸ਼ੇਤਰ ਜਾਂ ਦਿੱਲੀ ਤੋਂ ਚੋਣ ਲੜਨ ਲਈ ਕਿਹਾ ਗਿਆ। ਪਰ ਮੈਂ ਇਨਕਾਰ ਕਰ ਦਿੱਤਾ। ਮੈਂ ਕਦੇ ਖੁਦ ਦਾ ਨਫਾ ਨੁਕਸਾਨ ਨਹੀਂ ਦੇਖਿਆ। ਮੈਨੂੰ ਅਹੁਦੇ ਦਾ ਲਾਲਚ ਨਹੀਂ। ਆਖਰ ਮੇਰਾ ਕੀ ਕਸੂਰ ਸੀ ਕਿ ਮੈਨੂੰ ਪੰਜਾਬ ਤੋਂ ਦੂਰ ਕੀਤਾ ਜਾ ਰਿਹਾ ਸੀ।
ਹਾਲਾਂਕਿ ਜਿਸ ਜਵਾਬ ਦੀ ਉਡੀਕ 'ਚ ਹਰ ਕੋਈ ਸੀ, ਉਸ 'ਤੇ ਸਿੱਧੂ ਕੁੱਝ ਵੀ ਨਹੀਂ ਬੋਲੇ। ਉਮੀਦ ਕੀਤੀ ਜਾ ਰਹੀ ਸੀ ਕਿ ਉਹ ਅੱਜ ਆਪਣੇ ਅਗਲੇ ਰਾਜਨੀਤਕ ਫੈਸਲੇ ਦਾ ਐਲਾਨ ਕਰਨਗੇ। ਇਹ ਵੀ ਮੰਨਿਆ ਜਾ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦਾ ਐਲਾਨ ਕਰ ਸਕਦੇ ਹਨ। ਪਰ ਉਹ ਇਹਨਾਂ ਸਾਰੇ ਸਵਾਲਾਂ 'ਤੇ ਚੁੱਪ ਰਹੇ। ਅਜਿਹੇ 'ਚ ਇਹ ਵੱਡਾ ਸਵਾਲ ਅਜੇ ਵੀ ਬਣਿਆ ਹੋਇਆ ਹੈ ਕਿ ਆਖਰ ਸਿੱਧੂ ਦਾ ਅਗਲਾ ਕਦਮ ਕੀ ਹੋਏਗਾ, ਤੇ ਉਹ ਕਿਸ ਪਾਰਟੀ ਦੇ ਲੜ ਲੱਗਣਗੇ।