ਨਵੀਂ ਦਿੱਲੀ: ਆਮ ਆਦਮੀ ਪਾਰਟੀ ਸਾਂਸਦ ਭਗਵੰਤ ਮਾਨ ਹੁਣ ਲੋਕ ਸਭਾ ਦੀ ਕਾਰਵਾਈ 'ਚ ਹਿੱਸਾ ਨਹੀਂ ਲੈ ਸਕਣਗੇ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਮਾਨ ਦੇ ਵੀਡੀਓ ਮਾਮਲੇ ਦੀ ਜਾਂਚ ਦਾ ਅਦੇਸ਼ ਦਿੱਤਾ ਹੈ। ਜਾਂਚ ਲਈ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਪੀਕਰ ਨੇ ਕਿਹਾ ਹੈ ਕਿ ਜਦ ਤੱਕ ਇਹ ਕਮੇਟੀ ਆਪਣੀ ਰਿਪੋਰਟ ਨਹੀਂ ਦੇ ਦਿੰਦੀ ਉਦੋਂ ਤੱਕ ਭਗਵੰਤ ਮਾਨ ਹਾਊਸ ਦੀ ਕਾਰਵਾਈ 'ਚ ਹਿੱਸਾ ਨਹੀਂ ਲੈ ਸਕਦੇ। ਪੂਰਾ ਵਿਵਾਦ ਮਾਨ ਵੱਲੋਂ ਪਾਰਲੀਮੈਂਟ 'ਚ ਜਾਣ ਦਾ ਵੀਡੀਓ ਫੇਸਬੁੱਕ 'ਤੇ ਪੋਸਟ ਕੀਤੇ ਜਾਣ ਕਾਰਨ ਹੋਇਆ ਹੈ।

 

 

ਸਪੀਕਰ ਨੇ ਮਾਨ ਨੂੰ ਸੰਮਨ ਕੀਤਾ ਹੈ। ਉਨ੍ਹਾਂ ਦੱਸਿਆ, "ਜਦ ਉਹ (ਭਗਵੰਤ) ਮੈਨੂੰ ਮਿਲੇ ਤਾਂ ਉਨ੍ਹਾਂ ਕਿਹਾ ਸੀ ਕਿ ਉਹ ਮਾਫੀ ਮੰਗਣ ਲਈ ਤਿਆਰ ਹਨ। ਪਰ ਇਹ ਮਾਮਲਾ ਸਿਰਫ ਮਾਫੀ ਮੰਗਣ ਨਾਲ ਹੱਲ ਨਹੀਂ ਹੋ ਸਕਦਾ।"  "ਇਹ ਗੰਭੀਰ ਮਾਮਲਾ ਹੈ। ਕੀ ਕਾਰਵਾਈ ਕੀਤੀ ਜਾਏ, ਇਸ ਦੇ ਲਈ ਮੈਂ ਸਾਰਿਆਂ ਨਾਲ ਗੱਲ ਕਰ ਰਹੀ ਹਾਂ।" "ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜੇਕਰ ਇਹ ਹਾਊਸ ਦੇ ਅੰਦਰ ਹੁੰਦਾ ਤਾਂ ਤੁਰੰਤ ਕੀਤੀ ਜਾਂਦੀ। ਇਸ ਮੁੱਦੇ 'ਤੇ ਸਾਰੇ ਸਾਂਸਦ ਨਾਰਾਜ ਹਨ।"

 

 

ਭਗਵੰਤ ਮਾਨ ਨੇ ਦੱਸਿਆ, "ਮੈਂ ਸਪੀਕਰ ਮੈਡਮ ਨੂੰ ਮਿਲਿਆ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਹੈ। ਮੈਂ ਕਦੇ ਵੀ ਸਾਂਸਦ ਦੀ ਸਕਿਉਰਿਟੀ ਨੂੰ ਖਤਰੇ 'ਚ ਨਹੀਂ ਪਾਉਣਾ ਚਾਹੁੰਦਾ ਸੀ। ਮੈਂ ਲਿਖਤੀ ਰੂਪ 'ਚ ਮਾਫੀ ਮੰਗੀ ਹੈ।" ਮਾਨ 'ਤੇ ਸ਼ਰਾਬ ਪੀ ਕੇ ਵੀ ਸਾਂਸਦ 'ਚ ਆਉਣ ਦੇ ਇਲਜ਼ਾਮ ਹਨ। ਆਮ ਆਦਮੀ ਪਾਰਟੀ ਤੋਂ ਮੁਅੱਤਲ ਸਾਂਸਦ ਹਰਿੰਦਰ ਸਿੰਘ ਖਾਲਸਾ ਨੇ ਇਸ ਬਾਰੇ ਸਪੀਕਰ ਨੂੰ ਸ਼ਿਕਾਇਤ ਕੀਤੀ ਸੀ। ਖਾਲਸਾ ਨੇ ਸਪੀਕਰ ਨੂੰ ਆਪਣੀ ਸੀਟ ਬਦਲਣ ਦੀ ਅਪੀਲ ਕੀਤੀ ਸੀ।