ਅੰਮ੍ਰਿਤਸਰ: ਕਿਸਾਨਾਂ ਨੂੰ ਨਵੇਂ ਟਿਊਬਵੈਲ ਕਨੈਕਸ਼ਨਾਂ ਲਈ ਟਰਾਂਸਫਾਰਮਰ ਸਮੇਤ ਸਾਰਾ ਸਾਮਾਨ ਨਾਂ ਦਿੱਤੇ ਜਾਣ ਦੇ ਵਿਰੋਧ ਵਿੱਚ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਤੇ ਮਜ਼ਦੂਰਾਂ ਨੇ ਚੀਫ ਪਾਵਰਕਾਮ, ਬਾਰਡਰ ਜ਼ੋਨ ਦੇ ਦਫਤਰ ਬਾਹਰ ਧਰਨਾ ਦਿੱਤਾ। ਇਸ ਮੌਕੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੇ ਪਾਵਰਕਾਮ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

 

 

ਇਸ ਧਰਨੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਤੋਂ ਇਲਾਵਾ ਤਰਨ-ਤਾਰਨ, ਪਠਾਨਕੋਟ ਤੇ ਗੁਰਦਾਸਪੁਰ ਦੇ ਕਿਸਾਨ ਤੇ ਮਜ਼ਦੂਰ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਨ੍ਹਾਂ ਕਿਸਾਨਾਂ ਦਾ ਇਲਜ਼ਾਮ ਹੈ ਕਿ ਪਾਵਰਕਾਮ ਵੱਲੋਂ ਨਵੇਂ ਟਿਊਬਵੈਲ ਕਨੈਕਸ਼ਨਾਂ ਦੇ ਨਾਮ 'ਤੇ ਕਰੋੜਾਂ ਦੀ ਲੁੱਟ ਕੀਤੀ ਜਾ ਰਹੀ ਹੈ। ਜਥੇਬੰਦੀ ਦੇ ਆਗੂ ਸਤਨਾਮ ਸਿੰਘ ਪੰਨੂੰ ਨੇ ਦੱਸਿਆ ਕਿ ਸਰਕਾਰ ਆਪਣੇ ਚੋਣ ਵਾਅਦੇ ਤੋਂ ਮੁੱਕਰ ਕੇ ਨਵੇਂ ਟਿਊਬਵੈਲ ਕਨੈਕਸ਼ਨ ਸਰਕਾਰੀ ਖਰਚੇ 'ਤੇ ਦੇਣ ਦੀ ਥਾਂ ਹਰ ਕਿਸਾਨ ਕੋਲੋਂ ਲੱਖਾਂ ਰੁਪਏ ਪ੍ਰਤੀ ਕੁਨੈਕਸ਼ਨ ਲੈ ਰਹੀ ਹੈ ਜੋ ਬਾਜ਼ਾਰ ਨਾਲੋਂ ਦੁਗਣੀ ਕੀਮਤ ਹੈ।

 

 

ਕਿਸਾਨਾਂ ਦਾ ਕਹਿਣਾ ਹੈ ਕਿ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਵੱਲੋਂ ਮੋਟੇ ਵਿਆਜ਼ 'ਤੇ ਕਰਜ਼ਾ ਚੁੱਕ ਕੇ ਪਾਵਰਕਾਮ ਨੂੰ ਹਜ਼ਾਰਾਂ ਕਰੋੜ ਰੁਪਏ ਜਮ੍ਹਾਂ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਕਈ ਬਿਜਲੀ ਅਧਿਕਾਰੀ ਨਵੇਂ ਕੁਨੈਕਸ਼ਨ ਜਾਰੀ ਕਾਰਨ ਤੇ ਉਨ੍ਹਾਂ ਨੂੰ ਅਮਲੀ ਰੂਪ ਦੇਣ ਲਈ ਮੋਟੀ ਰਿਸ਼ਵਤ ਵੀ ਖਾ ਰਹੇ ਹਨ। ਬਦਕਿਸਮਤੀ ਦੀ ਗੱਲ ਇਹ ਹੈ ਕਿ ਇਹ ਸਭ ਕੁਝ ਕਾਰਨ ਦੇ ਬਾਵਜੂਦ ਬਾਰਡਰ ਜ਼ੋਨ ਦੇ ਕਰੀਬ 8 ਹਾਜ਼ਰ ਕਿਸਾਨਾਂ ਨੂੰ ਟਰਾਂਸਫਾਰਮਰ ਸਮੇਤ ਹੋਰ ਬਾਕੀ ਸਾਮਾਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕੇ ਪੰਜਾ ਭਰ ਵਿੱਚ ਕੁੱਲ 40 ਹਾਜ਼ਰ ਕਿਸਾਨ ਪਾਵਰਕਾਮ ਵੱਲੋਂ ਮਿਲਣ ਵਾਲੇ ਸਾਮਾਨ ਦੀ ਉਡੀਕ ਕਰ ਰਹੇ ਹਨ ਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।