ਚੰਡੀਗੜ੍ਹ: ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦਿੱਲੀ ਦੇ ਓਖਲਾ ਤੋਂ ਵਿਧਾਇਕ ਅਮਾਨਤੁੱਲ੍ਹਾ ਖਾਨ ਨੂੰ ਦਿੱਲੀ ਪੁਲਿਸ ਤੇ ਮਹਿਰੌਲੀ ਤੋਂ ਵਿਧਾਇਕ ਨਰੇਸ਼ ਯਾਦਵ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ। ਹੈਰਾਨੀ ਦੀ ਗੱਲ਼ ਹੈ ਕਿ ਜੂਨ 2015 ਤੋਂ ਹੁਣ ਤੱਕ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਸਵਾਲ ਉੱਠ ਰਹੇ ਹਨ ਕਿ ਕੀ ਆਮ ਆਦਮੀ ਪਾਰਟੀ ਨੂੰ ਬਦਲਾ ਲਊ ਨੀਤੀ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਦਾ ਕਹਿਣਾ ਹੈ ਕਿ ਪਾਰਟੀ ਦੀ ਚੜ੍ਹਤ ਤੋਂ ਵਿਰੋਧੀ ਘਬਰਾ ਗਏ ਹਨ। ਇਸ ਲਈ 'ਆਪ' ਦੇ ਲੀਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 'ਆਪ' ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਅਰਵਿੰਦ ਕੇਜਰੀਵਾਲ ਆਪਣੀ ਦਿੱਲੀ ਵਿੱਚ ਹਾਰ ਨਹੀਂ ਪਚਾ ਸਕੇ। ਇਸ ਕਰਕੇ ਵਿਧਾਇਕਾਂ ਖਿਲਾਫ ਝੂਠੇ ਕੇਸ ਦਰਜ ਕਰਵਾਏ ਜਾ ਰਹੇ ਹਨ।
ਕਾਬਲੇਗੌਰ ਹੈ ਕਿ ਭਗਵੰਤ ਮਾਨ ਨੂੰ ਵੀ ਲੋਕ ਸਭਾ ਵਿੱਚ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਿਸ਼ਾਨਾ ਸਿਰਫ ਇਸ ਲਈ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ 'ਆਪ' ਦੇ ਵਿਧਾਇਕ ਹਨ। ਇਹ ਵੀਡੀਓ ਜੇਕਰ ਕਿਸੇ ਹੋਰ ਪਾਰਟੀ ਦੇ ਸਾੰਸਦ ਨੇ ਬਣਾਈ ਹੁੰਦੀ ਤਾਂ ਕੁਝ ਵੀ ਨਹੀਂ ਹੋਣਾ ਸੀ।
'ਆਪ' ਵਿਧਾਇਕਾਂ ਦੀਆਂ ਗ੍ਰਿਫਤਾਰੀਆਂ 'ਤੇ ਸਵਾਲ ਇਸ ਕਰਕੇ ਵੀ ਉੱਠਦੇ ਹੈ ਕਿ ਇਨ੍ਹਾਂ ਖਿਲਾਫ ਕੋਈ ਸੰਗੀਨ ਮਾਮਲਾ ਨਹੀਂ। ਸਿਰਫ ਲੜਾਈ-ਝਗੜੇ ਜਾਂ ਫਿਰ ਇਲਜ਼ਾਮਾਂ ਤਹਿਤ ਹੀ ਕੇਸ ਦਰਜ ਕੀਤੇ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਪੁਲਿਸ ਕਿਸੇ ਸਿਆਸੀ ਪਾਰਟੀ ਦੇ ਛੋਟੇ ਤੋਂ ਛੋਟੇ ਲੀਡਰ ਨੂੰ ਵੀ ਹੱਥ ਪਾਉਣ ਤੋਂ ਜਰਕਦੀ ਹੈ ਪਰ 'ਆਪ' ਦੇ ਵਿਧਾਇਕਾਂ ਨੂੰ ਛੋਟੇ ਤੋਂ ਛੋਟੇ ਕੇਸ ਵਿੱਚ ਵੀ ਹਵਾਲਾਤ ਤੇ ਜੇਲ੍ਹ ਦੀ ਸੈਰ ਕਰਵਾਈ ਜਾ ਰਹੀ ਹੈ। ਇਹ ਵੀ ਸੱਚਾਈ ਹੈ ਕਿ ਦਿੱਲੀ ਪੁਲਿਸ ਕੇਂਦਰ ਸਰਕਾਰ ਅਧੀਨ ਹੈ। ਇਸ ਲਈ ਸਵਾਲ ਉੱਠਣਾ ਯਕੀਨੀ ਹੀ ਹੈ।