ਫ਼ਰੀਦਕੋਟ: ਬੇਸ਼ੱਕ ਇਨ੍ਹਾਂ ਚੋਣਾਂ ਵਿੱਚ ਦੇਸ਼ ਦੀ ਸਰਕਾਰ ਚੁਣੀ ਜਾਣੀ ਹੈ, ਪਰ ਪੰਜਾਬ ਵਿੱਚ ਵੱਡਾ ਮੁੱਦਾ ਬੇਅਦਬੀਆਂ ਤੇ ਗੋਲ਼ੀਕਾਂਡ ਹੀ ਹੈ। ਬੀਤੇ ਕੱਲ੍ਹ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਵਾਅਦਾ ਕੀਤਾ, ਉੱਥੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਇਸੇ ਮੁੱਦੇ ਦੇ ਆਲੇ-ਦੁਆਲੇ ਸਿਆਸਤ ਦੀ ਗੱਡੀ ਘੁੰਮਾਉਂਦੇ ਦਿੱਸੇ। ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਉਨ੍ਹਾਂ ਦੇ ਵਲੰਟੀਅਰਜ਼ ਨੂੰ ਵੀ ਖਰੀਦਣ ਦਾ ਦੋਸ਼ ਲਾਇਆ ਤੇ ਕਿਹਾ ਕਿ ਉਹ ਜਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ, ਸਾਡੀ ਤਾਂ ਨਵੀਂ ਪਾਰਟੀ ਹੈ।


ਫ਼ਰੀਦਕੋਟ ਲੋਕ ਸਭਾ ਹਲਕੇ ਤੋਂ 'ਆਪ' ਦੇ ਉਮੀਦਵਾਰ ਪ੍ਰੋ. ਸਾਧੂ ਸਿੰਘ ਲਈ ਚੋਣ ਪ੍ਰਚਾਰ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਕ ਵਿੱਚ ਮੱਥਾ ਟੇਕਿਆ। ਕੇਜਰੀਵਾਲ ਨੂੰ ਕੋਟਕਪੂਰਾ ਤੋਂ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪੂਰੇ ਗੋਲ਼ੀਕਾਂਡ ਦਾ ਬਿਰਤਾਂਤ ਵੀ ਸੁਣਾਇਆ।

ਬੇਸ਼ੱਕ ਕੇਜਰੀਵਾਲ ਨੇ ਆਪਣੇ ਪੰਜਾਬ ਦੌਰੇ ਦੌਰਾਨ ਜ਼ਿਆਦਾਤਰ ਦਿੱਲੀ ਦੇ ਸਕੂਲਾਂ ਤੇ ਹਸਪਤਾਲਾਂ ਦੀ ਸੁਧਰੀ ਹਾਲਤ ਪੰਜਾਬੀਆਂ ਨੂੰ ਦੱਸਣ 'ਤੇ ਹੀ ਜ਼ੋਰ ਦਿੱਤਾ, ਪਰ ਸਿਆਸੀ ਵਿਰੋਧੀਆਂ ਨੂੰ ਘੇਰਨ ਲਈ ਉਹ ਵੀ ਬਰਗਾੜੀ ਕਾਂਡ ਨੂੰ ਵਰਤਦੇ ਦਿਖਾਈ ਦਿੱਤੇ। ਇਸ ਮੌਕੇ ਕੇਜਰੀਵਾਲ ਨੇ ਪਾਰਟੀ ਛੱਡ ਚੁੱਕੇ ਸੁਖਪਾਲ ਖਹਿਰਾ ਤੇ ਹੋਰਨਾਂ ਬਾਰੇ ਬਹੁਤੀ ਗੱਲ ਨਹੀਂ ਕੀਤੀ, ਪਰ ਇੰਨਾ ਕਿਹਾ ਕਿ ਉਨ੍ਹਾਂ ਦੀ ਵਿਧਾਇਕੀ ਬਾਰੇ ਫੈਸਲਾ ਛੇਤੀ ਹੋ ਜਾਵੇਗਾ।

ਕੇਜਰੀਵਾਲ ਨੇ ਪ੍ਰੋ. ਸਾਧੂ ਸਿੰਘ ਲਈ ਰੋਡ ਸ਼ੋਅ ਕੀਤਾ, ਜੋ ਜੈਤੋ ਤੋਂ ਸ਼ੁਰੂ ਹੋ ਕੇ ਕੋਟਕਪੂਰਾ ਤੋਂ ਹੁੰਦਾ ਹੋਇਆ ਫ਼ਰੀਦਕੋਟ ਵਿੱਚ ਪਹੁੰਚਿਆ। ਕੇਜਰੀਵਾਲ ਦੇ ਰੋਡ ਸ਼ੋਅ ਵਿੱਚ ਵੱਡੀ ਗਿਣਤੀ 'ਚ 'ਆਪ' ਸਮਰਥਕ ਸ਼ਾਮਲ ਹੋਏ ਅਤੇ ਲੋਕਾਂ ਨੇ ਵੀ ਕਾਫ਼ੀ ਉਤਸ਼ਾਹ ਵਿਖਾਇਆ। ਕੇਜਰੀਵਾਲ ਨੇ ਲੋਕਾਂ ਨੂੰ ਪ੍ਰੋ. ਸਾਧੂ ਸਿੰਘ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਅਪੀਲ ਕਰਦਿਆਂ ਕਿਹਾ ਕਿ ਉਹ ਪੜ੍ਹਿਆ-ਲਿਖਿਆ ਅਤੇ ਇਮਾਨਦਾਰ ਵਿਅਕਤੀ ਨੂੰ ਹੀ ਸੰਸਦ ਵਿੱਚ ਪਹੁੰਚਾਉਣ ਤਾਂ ਜੋ ਉਹ ਲੋਕਾਂ ਦੀ ਆਵਾਜ਼ ਉਠਾ ਸਕੇ।