ਚੰਡੀਗੜ੍ਹ: ਧਰਮੀ ਫ਼ੌਜੀਆਂ ਦੀ ਪੈਨਸ਼ਨ ਬਹਾਲੀ 'ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਬਾਦਲ ਨੂੰ ਘੇਰਿਆ ਹੈ। 'ਆਪ' ਵਿਧਾਇਕਾਂ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਪੰਜਾਬ, ਪੰਜਾਬੀਆਂ ਤੇ ਪੰਥ ਦੀ ਉਦੋਂ ਹੀ ਕਿਉਂ ਯਾਦ ਆਉਂਦੀ ਹੈ, ਜਦ ਉਹ ਪੰਜਾਬ ਦੀ ਸੱਤਾ ਤੋਂ ਬਾਹਰ ਹੁੰਦੇ ਹਨ? ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ 1984 ਦੇ ਸਾਕਾ ਨੀਲਾ ਤਾਰਾ ਦੇ ਰੋਸ ਵਜੋਂ ਭਾਰਤੀ ਫ਼ੌਜ ਛੱਡਣ ਵਾਲੇ 'ਧਰਮੀ ਫ਼ੌਜੀਆਂ' ਦੀ ਪੈਨਸ਼ਨ ਸਮੇਤ ਬਾਕੀ ਲਾਭ ਤੇ ਭੱਤੇ ਬਹਾਲ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਹੈ।


'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਸਾਂਝੇ ਬਿਆਨ 'ਚ ਵਿਧਾਇਕ ਤੇ ਮੁੱਖ ਬੁਲਾਰਾ ਪ੍ਰੋ. ਬਲਜਿੰਦਰ ਕੌਰ, ਵਿਧਾਨ ਸਭਾ 'ਚ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਰੁਪਿੰਦਰ ਕੌਰ ਰੂਬੀ, ਮਨਜੀਤ ਸਿੰਘ ਬਿਲਾਸਪੁਰ ਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਬਿਨਾਂ ਦੇਰੀ ਕੀਤਿਆਂ 'ਧਰਮੀ ਫ਼ੌਜੀਆਂ' ਦਾ ਸਨਮਾਨ ਤੇ ਹੱਕ ਬਹਾਲ ਕਰਨਾ ਚਾਹੀਦਾ ਹੈ, ਪਰ ਅੱਜ ਸੂਬੇ ਦੀ ਸਿਆਸਤ 'ਚੋਂ ਸੱਤਾਹੀਣ ਹੋ ਕੇ ਹੀ ਬਾਦਲਾਂ ਨੂੰ 'ਧਰਮੀ ਫ਼ੌਜੀਆਂ' ਦੀ ਯਾਦ ਆਈ ਹੈ।

ਬਲਜਿੰਦਰ ਕੌਰ ਨੇ ਕਿਹਾ ਕਿ 'ਧਰਮੀ ਫ਼ੌਜੀਆਂ' ਦਾ ਦੁਖਾਂਤ 35 ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਇਸ ਦੌਰਾਨ ਅਕਾਲੀ ਸੂਬੇ 'ਚ 15 ਸਾਲ ਤੇ ਕੇਂਦਰ ਦੀ ਸੱਤਾ 'ਤੇ 12 ਸਾਲ ਕਾਬਜ਼ ਰਹੇ। ਅਰਥਾਤ ਕੇਂਦਰ 'ਚ ਅੱਜ ਵੀ ਬਾਦਲ ਪਰਿਵਾਰ ਵਜੀਰੀਆਂ ਦਾ ਸੁੱਖ ਭੋਗ ਰਿਹਾ ਹੈ। ਫਿਰ ਇਹ ਮੰਗ ਕਿਸ ਕੋਲੋਂ ਕਰ ਰਹੇ ਹਨ? ਜਦਕਿ ਕੇਂਦਰ ਸਰਕਾਰ ਦਾ ਹਿੱਸਾ ਹੋਣ ਵਜੋਂ ਇਨ੍ਹਾਂ ਨੂੰ 'ਧਰਮੀ ਫ਼ੌਜੀਆਂ' ਦੇ ਹੱਕ 'ਚ ਫ਼ੈਸਲਾ ਲਾਗੂ ਕਰਵਾ ਦੇਣਾ ਚਾਹੀਦਾ ਹੈ।

ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਅਜਿਹੇ ਸ਼ੋਸ਼ੇ ਕਰਕੇ ਬਾਦਲ ਆਪਣਾ ਖੁਰ ਚੁੱਕਿਆ ਪੰਥਕ ਆਧਾਰ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪੰਜਾਬ ਦੇ ਲੋਕ ਇਨ੍ਹਾਂ ਦੀਆਂ ਗਿਰਗਿਟੀ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਰੁਪਿੰਦਰ ਕੌਰ ਰੂਬੀ, ਮਨਜੀਤ ਸਿੰਘ ਬਿਲਾਸਪੁਰ ਤੇ ਕੁਲਵੰਤ ਸਿੰਘ ਪੰਡੋਰੀ ਨੇ ਬਾਦਲਾਂ ਨੂੰ ਘੇਰਦਿਆਂ ਪੁੱਛਿਆ ਕਿ 2007 ਤੋਂ ਲੈ ਕੇ 2017 ਤੱਕ ਧਰਮੀ ਫ਼ੌਜੀ ਆਪਣੀਆਂ ਇਨ੍ਹਾਂ ਮੰਗਾਂ ਨੂੰ ਲੈ ਕੇ ਮੁਹਾਲੀ ਸਮੇਤ ਪੰਜਾਬ 'ਚ ਲੰਬੇ ਰੋਸ ਧਰਨੇ ਲਾ ਕੇ ਤੇ ਮੈਮੋਰੰਡਮ ਦੇ ਕੇ ਪ੍ਰਕਾਸ਼ ਸਿੰਘ ਬਾਦਲ ਸਰਕਾਰ ਕੋਲੋਂ ਇਨਸਾਫ਼ ਦੀ ਗੁਹਾਰ ਲਾਉਂਦੇ ਸਨ ਤੇ ਮਿਲਣ ਦਾ ਸਮਾਂ ਮੰਗਦੇ ਹਨ, ਪਰ ਉਦੋਂ ਬਤੌਰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੋਵੇਂ ਬਾਦਲ ਪਿਤਾ-ਪੁੱਤਰ ਕੋਲ 'ਧਰਮੀ ਫ਼ੌਜੀਆਂ ਦੀ ਗੱਲ ਸੁਣਨ ਦਾ ਵੀ ਸਮਾਂ ਨਹੀਂ ਸੀ ਹੁੰਦਾ।