ਜਲੰਧਰ: ਪੰਜਾਬ ਰੋਡਵੇਜ਼ 'ਚ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੇ ਰੋਹ ਨੂੰ ਵੇਖਦਿਆਂ ਸਰਕਾਰ ਨੇ ਅੱਜ ਦੂਜੀ ਵਾਰ ਕੱਚੇ ਮੁਲਾਜ਼ਮਾਂ ਦੀ ਭਰਤੀ ਨੂੰ ਟਾਲ ਦਿੱਤਾ ਹੈ। ਅੱਜ ਪਨਬਸ 'ਚ ਕੰਟਰੈਕਟ 'ਤੇ 500 ਡਰਾਈਵਰ ਤੇ 500 ਕੰਡਕਟਰਾਂ ਦੀ ਭਰਤੀ ਹੋਣੀ ਸੀ ਪਰ ਮੁਲਾਜ਼ਮਾਂ ਨੇ ਫਿਰ ਤੋਂ ਰੋਸ ਪ੍ਰਦਰਸ਼ਨ ਸ਼ੁਰੂ ਕਰਕੇ ਸਰਕਾਰ ਨੂੰ ਭਰਤੀ ਟਾਲਣ ਲਈ ਮਜਬੂਰ ਕਰ ਦਿੱਤਾ।



ਪਨਬੱਸ ਦੇ ਕੱਚੇ ਮੁਲਾਜ਼ਮਾਂ ਨੇ ਸਵੇਰੇ ਕਰੀਬ ਸਾਢੇ 10 ਵਜੇ ਰਾਜਪੁਰਾ ਤੇ ਖਰੜ ਵਿੱਚ ਚੱਕਾ ਜਾਮ ਕਰ ਦਿੱਤਾ। ਇਸ ਤੋਂ ਬਾਅਦ ਮੁਲਾਜ਼ਮਾਂ ਨੇ ਜਲੰਧਰ, ਅੰਮ੍ਰਿਤਸਰ ਜਾਮ ਲਾਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਸਰਕਾਰ ਨੇ ਅੱਜ ਹੋਣ ਵਾਲੀ ਭਰਤੀ ਨੂੰ ਮੁਲਤਵੀ ਕਰ ਦਿੱਤਾ ਹੈ। ਪਹਿਲਾਂ ਇਹ ਭਾਰਤੀ 26 ਜੁਲਾਈ ਨੂੰ ਹੋਣੀ ਸੀ।

ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕੇ ਸਰਕਾਰ ਹੋਰ ਕੱਚੇ ਮੁਲਾਜ਼ਮ ਭਰਤੀ ਕਰਕੇ ਉਨ੍ਹਾਂ ਦੇ ਸੰਘਰਸ਼ ਨੂੰ ਠੰਢਾ ਕਰਨਾ ਚਾਹੁੰਦੀ ਹੈ ਤੇ ਉਹ ਅਜਿਹਾ ਨਹੀਂ ਹੋਣ ਦੇਣਗੇ। ਉਨ੍ਹਾਂ ਦੀ ਮੰਗ ਹੈ ਕਿ ਪਹਿਲਾਂ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ ਤੇ ਪੂਰੀਆਂ ਤਨਖ਼ਾਹਾਂ ਦਿੱਤੀਆਂ ਜਾਣ।