ਪਠਾਨਕੋਟ: ਲੁਧਿਆਣਾ ਤੋਂ ਵਿਸ਼ੇਸ਼ ਟਾਸਕ ਫੋਰਸ ਦੀ ਟੀਮ ਨੇ ਪਠਾਨਕੋਟ ਦੇ ਕਸਬਾ ਮੀਰਥਲ ਵਿੱਚ ਛਾਪੇਮਾਰੀ ਕੀਤੀ ਤਾਂ ਵੱਡੀ ਮਾਤਰਾ ਵਿੱਚ ਨਸ਼ਾ ਤੇ ਡਰੱਗ ਮਨੀ ਬਰਾਮਦ ਹੋਈ। ਪੈਸਾ ਤੇ ਨਸ਼ਾ ਫੜੇ ਜਾਣ 'ਤੇ ਐਸਟੀਐਫ ਨੇ ਪਿੰਡ ਆਬਾਦਗੜ੍ਹ ਦੇ ਦੋ ਭਰਾਵਾਂ ਹਿਰਾਸਤ ਵਿੱਚ ਲਿਆ ਹੈ। ਪੁਲਿਸ ਨੂੰ ਦੋਵਾਂ ਦੀ ਸੂਹ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤੇ ਛੋਟੇ ਨਸ਼ਾ ਤਸਕਰ ਤੋਂ ਮਿਲੀ ਹੈ।


ਪ੍ਰਾਪਤ ਜਾਣਕਾਰੀ ਮੁਤਾਬਕ ਐਤਵਾਰ ਦੇਰ ਸ਼ਾਮ ਨੂੰ ਪੁਲਿਸ ਆਬਾਦਗੜ੍ਹ ਵਿੱਚ ਛਾਪੇਮਾਰੀ ਕੀਤੀ। ਐਸਟੀਐਫ ਨੇ ਛਾਪੇਮਾਰੀ ਦੌਰਾਨ ਖੇਤਾਂ ਵਿੱਚ ਨੱਪੀ ਇੱਕ ਕਰੋੜ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ। ਇਸ ਤੋਂ ਇਲਾਵਾ ਐਸਟੀਐਫ ਨੇ ਦੇਰ ਰਾਤ ਤਕ ਆਪਣੀ ਰੇਡ ਜਾਰੀ ਰੱਖੀ ਅਤੇ ਵੱਖ-ਵੱਖ ਥਾਵਾਂ ਤੋਂ ਤਕਰੀਬਨ ਦੋ ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਨਸ਼ੇ ਦੀ ਇਸ ਵੱਡੀ ਖੇਪ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਤਕਰੀਬਨ 10 ਕਰੋੜ ਰੁਪਏ ਹੈ।

ਹਿਰਾਸਤ ਵਿੱਚ ਲਏ ਭਰਾ ਮੂਲ ਰੂਪ ਵਿੱਚ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਪਿਛਲੇ 10 ਸਾਲਾਂ ਵਿੱਚ ਦੋਵਾਂ ਨੇ ਅੰਮ੍ਰਿਤਸਰ ਤੇ ਪਠਾਨਕੋਟ ਵਿੱਚ ਕਾਫੀ ਜ਼ਮੀਨ ਖਰੀਦੀ ਸੀ, ਜਿਸ ਕਾਰਨ ਦੋਵੇਂ ਪੁਲਿਸ ਦੇ ਰਡਾਰ 'ਤੇ ਸਨ। ਐਸਟੀਐਫ ਦੀ ਇਸ ਕਾਰਵਾਈ ਬਾਰੇ ਕਿਸੇ ਅਧਿਕਾਰੀ ਨੇ ਕੁਝ ਨਹੀਂ ਦੱਸਿਆ। ਇਸ ਛਾਪੇ ਵਿੱਚ ਹੋਰ ਖੁਲਾਸੇ ਹੋਣ ਦੀ ਆਸ ਹੈ।