ਚੰਡੀਗੜ੍ਹ: ਭਾਰਤੀ ਮੌਸਮ ਵਿਭਾਗ ਨੇ ਪੰਜਾਬ ਵਿੱਚ ਆਉਂਦੀ 31 ਜੁਲਾਈ ਨੂੰ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਜੁਲਾਈ ਦੇ ਅੰਤਲੇ ਦਿਨ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ, ਹਰਿਆਣਾ ਦਿੱਲੀ ਤੇ ਰਾਜਸਥਾਨ ਵਿੱਚ ਵੀ ਬਰਸਾਤ ਹੋ ਸਕਦੀ ਹੈ। ਇਹੋ ਰੁਝਾਨ ਅਗਸਤ ਦੇ ਪਹਿਲੇ ਹਫ਼ਤੇ ਜਾਰੀ ਰਹਿ ਸਕਦਾ ਹੈ।
ਮੌਸਮ ਵਿਭਾਗ ਮੁਤਾਬਕ ਮੀਂਹ ਦੇ ਨਾਲ-ਨਾਲ ਤਕਰੀਬਨ 50 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ। ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਦੇ ਸਮੁੰਦਰੀ ਕੰਢੇ 'ਤੇ ਬਣੇ ਘੱਟ ਦਬਾਅ ਦੇ ਖੇਤਰ ਕਾਰਨ ਮਾਨਸੂਨ ਉੱਤਰੀ ਭਾਰਤ ਵਿੱਚ ਵਧੇਰੇ ਸਰਗਰਮ ਹੋਵੇਗਾ। ਜੁਲਾਈ ਵਿੱਚ ਮੀਂਹ ਦੀ ਘਾਟ ਅਗਸਤ ਵਿੱਚ ਪੂਰੀ ਹੋ ਜਾਵੇਗੀ।
ਲੰਘੇ ਦਿਨ ਯਾਨੀ ਐਤਵਾਰ ਨੂੰ ਪੰਜਾਬ ਵਿੱਚ ਕਈ ਥਾਈਂ ਮਾਨਸੂਨ ਦੀ ਭਰਵੀਂ ਬਾਰਿਸ਼ ਹੋਈ ਪਰ ਕਈ ਥਾਂ ਸਿਰਫ ਕਣੀਆਂ ਹੀ ਪਈਆਂ। ਹਾਲਾਂਕਿ ਘੱਟ ਬਰਸਾਤ ਵੀ ਪਾਰਾ ਹੇਠਾਂ ਲਿਆਉਣ ਵਿੱਚ ਕਾਮਯਾਬ ਰਹੀ। ਬਰਸਾਤ ਦੇ ਨਾਲ-ਨਾਲ ਤਕਰੀਬਨ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲੀਆਂ।
ਮੌਸਮ ਵਿਭਾਗ ਮੁਤਾਬਕ ਸਭ ਤੋਂ ਵੱਧ ਬਰਸਾਤ ਸ੍ਰੀ ਅਨੰਦਪੁਰ ਸਾਹਿਬ (18 ਐੱਮਐੱਮ) 'ਚ ਪਈ ਅਤੇ ਸਭ ਤੋਂ ਘੱਟ ਚੰਡੀਗੜ੍ਹ (1.4 ਐੱਮਐੱਮ) 'ਚ ਦਰਜ ਕੀਤੀ ਗਈ। ਇਸ ਤੋਂ ਇਲਾਵਾ ਲੁਧਿਆਣਾ 'ਚ 15.9 ਐੱਮਐੱਮ, ਪਟਿਆਲਾ 'ਚ 17 ਐੱਮਐੱਮ, ਫਿਰੋਜ਼ਪੁਰ 'ਚ 12 ਐੱਮਐੱਮ, ਅੰਮ੍ਰਿਤਸਰ 'ਚ 6 ਐੱਮਐੱਮ, ਜਲੰਧਰ 'ਚ 5 ਐੱਮਐੱਮ, ਕਪੂਰਥਲਾ 'ਚ 5 ਐੱਮਐੱਮ ਅਤੇ ਪਠਾਨਕੋਟ 'ਚ 5 ਐੱਮਐੱਮ ਬਾਰਿਸ਼ ਦਰਜ ਕੀਤੀ ਗਈ ਜਦਕਿ ਬਾਰਿਸ਼ ਹੋਈ।
ਬਾਰਿਸ਼ ਕਾਰਨ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਹਾਲਾਂਕਿ ਦਿਨ ਵੇਲੇ ਧੁੱਪ ਨਿਕਲਣ ਕਾਰਨ ਹੁੰਮਸ ਹੋ ਗਈ ਅਤੇ ਲੋਕ ਬੈਚੈਨ ਰਹੇ। ਪਰ ਹੁਣ ਆਉਂਦੇ ਦਿਨੀਂ ਫਿਰ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਫਿਰ ਕੀਤੀ ਭਾਰੀ ਮੀਂਹ ਦੀ ਭਵਿੱਖਬਾਣੀ
ਏਬੀਪੀ ਸਾਂਝਾ
Updated at:
29 Jul 2019 08:41 AM (IST)
ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਦੇ ਸਮੁੰਦਰੀ ਕੰਢੇ 'ਤੇ ਬਣੇ ਘੱਟ ਦਬਾਅ ਦੇ ਖੇਤਰ ਕਾਰਨ ਮਾਨਸੂਨ ਉੱਤਰੀ ਭਾਰਤ ਵਿੱਚ ਵਧੇਰੇ ਸਰਗਰਮ ਹੋਵੇਗਾ। ਜੁਲਾਈ ਵਿੱਚ ਮੀਂਹ ਦੀ ਘਾਟ ਅਗਸਤ ਵਿੱਚ ਪੂਰੀ ਹੋ ਜਾਵੇਗੀ।
- - - - - - - - - Advertisement - - - - - - - - -