ਹੁਸ਼ਿਆਰਪੁਰ: ਪਹਿਲੀ ਅਗਸਤ ਤੋਂ ਸ਼ੁਰੂ ਹੋਣ ਵਾਲੇ ਮਾਤਾ ਚਿੰਤਪੁਰਨੀ ਦੇ ਮੇਲੇ ਦੌਰਾਨ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਜੇਕਰ ਵਪਾਰਕ ਵਾਹਨ, ਜਿਵੇਂ ਟਰੱਕ, ਟੈਂਪੂ ਜਾਂ ਟਰੈਕਟਰ ਟਰਾਲੀ ਆਦਿ 'ਤੇ ਸਵਾਰ ਹੋ ਕੇ ਆਉਂਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਤੋਂ ਇਲਾਵਾ ਉਨ੍ਹਾਂ ਨੂੰ ਵਾਪਸ ਵੀ ਭੇਜਿਆ ਜਾਵੇਗਾ। ਇਹ ਹੁਕਮ ਹੁਸ਼ਿਆਰਪੁਰ ਦੀ ਡੀਸੀ ਈਸ਼ਾ ਕਾਲੀਆ ਨੇ ਦਿੱਤੇ ਹਨ।

ਡੀਸੀ ਈਸ਼ਾ ਕਾਲੀਆ ਨੇ ਦੱਸਿਆ ਕਿ ਹੈ ਕਿ ਹਿਮਾਚਲ ਦੇ ਊਨਾ ਜ਼ਿਲ੍ਹਾ ਪ੍ਰਸ਼ਾਸਨ ਨੇ ਟਰੱਕ, ਟੈਂਪੂ (ਛੋਟਾ ਹਾਥੀ) ਜਾਂ ਟਰਾਲੀ ਆਦਿ ਕਮਰਸ਼ੀਅਲ ਵਾਹਾਨਾਂ ਦੀ ਮੇਲੇ ਵਿੱਚ ਐਂਟਰੀ 'ਤੇ ਰੋਕ ਲਾ ਦਿੱਤੀ ਹੈ। ਪੰਜਾਬ ਵਿੱਚ ਅਜਿਹੇ ਵਪਾਰਕ ਵਾਹਨਾਂ 'ਤੇ ਵੀ 28 ਜੁਲਾਈ ਤੋਂ ਰੋਕ ਲਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਕਰਨ ਵਾਲੇ ਸ਼ਰਧਾਲੂਆਂ ਦਾ ਨਾ ਸਿਰਫ ਚਲਾਨ ਕੀਤਾ ਜਾਵੇਗਾ ਬਲਕਿ ਉਨ੍ਹਾਂ ਨੂੰ ਵਾਪਸ ਵੀ ਭੇਜਿਆ ਜਾਵੇਗਾ। ਇਸ ਮੇਲੇ 'ਤੇ ਡੀਜੇ ਲਾਉਣ ਦੀ ਵੀ ਪਾਬੰਦੀ ਹੈ।

ਪਹਿਲੀ ਤੋਂ 10 ਅਗਸਤ ਤਕ ਹੁਸ਼ਿਆਰਪੁਰ ਤੋਂ ਮਾਤਾ ਚਿੰਤਪੁਰਨੀ ਜਾਣ ਵਾਲਾ ਰਸਤਾ ਵੀ ਇੱਕ ਤਰਫਾ ਹੋਵੇਗਾ। ਸ਼ਰਧਾਲੂ ਹੁਸ਼ਿਆਰਪੁਰ ਤੋਂ ਗਗਰੇਟ-ਮਬਾਰਕਪੁਰ ਹੁੰਦੇ ਹੋਏ ਮਾਤਾ ਚਿੰਤਪੁਰਨੀ ਜਾਣਗੇ ਅਤੇ ਵਾਪਸੀ ਲਈ ਮਾਤਾ ਚਿੰਤਪੁਰਨੀ ਤੋਂ ਮੁਬਾਰਕਪੁਰ-ਅੰਬ-ਊਨਾ ਹੁੰਦੇ ਹੋਏ ਹੁਸ਼ਿਆਰਪੁਰ ਆਉਣਗੇ।