ਚੰਡੀਗੜ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਤੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਤੇ ਚੰਡੀਗੜ੍ਹ 'ਚ ਸਰਗਰਮ 'ਟਰੈਵਲ ਏਜੰਟ ਮਾਫ਼ੀਆ' ਨੂੰ ਸਿਆਸੀ ਤੇ ਪੁਲਿਸ ਪ੍ਰਸ਼ਾਸਨਕ ਦੀ ਸਰਪ੍ਰਸਤੀ ਹਾਸਲ ਹੈ। ਇਸੇ ਕਰਕੇ ਥਾਂ-ਥਾਂ ਟਰੈਵਲ ਏਜੰਟ ਸਰਕਾਰ ਦੀ ਨੱਕ ਥੱਲੇ ਲਾਚਾਰ ਤੇ ਭੋਲੇ-ਭਾਲੇ ਨੌਜਵਾਨਾਂ ਨਾਲ ਸ਼ਰ੍ਹੇਆਮ ਠੱਗੀਆਂ ਮਾਰ ਰਹੇ ਹਨ। ਏਜੰਟ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਜੋ ਬੇਰੁਜ਼ਗਾਰੀ ਕਾਰਨ ਰੋਜ਼ੀ-ਰੋਟੀ ਲਈ ਖਾੜੀ ਤੇ ਮੱਧ ਪੂਰਬ ਦੇ ਇਰਾਕ ਵਰਗੇ ਅਸ਼ਾਂਤ ਦੇਸ਼ਾਂ 'ਚ ਜਾਣ ਲਈ ਕਾਹਲੇ ਹਨ।
ਪਾਰਟੀ ਦੇ ਐਨਆਰਆਈ ਵਿੰਗ ਦੇ ਪ੍ਰਧਾਨ ਤੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਪੰਜਾਬੀ ਬੇਰੁਜ਼ਗਾਰ ਨੌਜਵਾਨ ਲੱਖਾਂ ਰੁਪਏ ਖ਼ਰਚ ਕੇ ਗੜਬੜੀਆਂ ਨਾਲ ਗ੍ਰਸਤ ਇਰਾਕ ਤੇ ਅੱਤ ਦੇ ਗ਼ਰੀਬ ਸਾਇਪ੍ਰਸ ਵਰਗੇ ਦੇਸ਼ਾਂ 'ਚ ਜਾਣ ਲਈ ਮਜਬੂਰ ਹਨ। ਇਸ ਪਿੱਛੇ ਕਾਂਗਰਸ ਤੇ ਅਕਾਲੀ-ਭਾਜਪਾ ਆਧਾਰਤ ਸੂਬਾ ਤੇ ਕੇਂਦਰ ਸਰਕਾਰਾਂ ਜ਼ਿੰਮੇਵਾਰ ਹਨ, ਜੋ ਆਪਣੇ ਮੁਲਕ 'ਚ ਆਪਣੇ ਹੋਣਹਾਰ ਨੌਜਵਾਨਾਂ ਨੂੰ ਗੁਜ਼ਾਰੇ ਜੋਗਾ ਵੀ ਰੁਜ਼ਗਾਰ ਨਹੀਂ ਦੇ ਰਹੇ।
ਰੋੜੀ ਨੇ ਬਾਦਲ ਪਰਿਵਾਰ ਵੱਲੋਂ ਇਰਾਕ 'ਚ 7 ਨੌਜਵਾਨਾਂ ਨੂੰ ਵਤਨ ਵਾਪਸ ਲਿਆਉਣ ਲਈ ਆਪਣੀ ਹੀ ਥਪਥਪਾਈ ਜਾ ਰਹੀ ਪਿੱਠ 'ਤੇ ਤਿੱਖਾ ਵਿਅੰਗ ਕੀਤਾ। ਉਨ੍ਹਾਂ ਪੁੱਛਿਆ ਕਿ ਕੀ ਸੁਖਬੀਰ ਬਾਦਲ, ਹਰਸਿਮਰਤ ਬਾਦਲ ਤੇ ਬਿਕਰਮ ਮਜੀਠੀਆ ਦੱਸਣਗੇ ਕਿ ਇਨ੍ਹਾਂ ਨੌਜਵਾਨਾਂ ਨੂੰ ਇਰਾਕ ਜਾਣ ਲਈ ਕਿਉਂ, ਕਦੋਂ ਤੇ ਕਿਸ ਨੇ ਮਜਬੂਰ ਕੀਤਾ?
ਇਸ ਦੇ ਨਾਲ ਹੀ ਰੋੜੀ ਨੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦੇਸ਼ 'ਚ ਬਿਹਤਰ ਰੁਜ਼ਗਾਰ ਦੇ ਮੌਕੇ ਤੇ ਨੌਕਰੀਆਂ ਉਪਲੱਬਧ ਕਰਾਉਣ ਦੀ ਮੰਗ ਕੀਤੀ ਤੇ ਨਾਲ ਹੀ ਫ਼ਰਜ਼ੀ ਤੇ ਧੋਖੇਬਾਜ਼ ਟਰੈਵਲ ਏਜੰਟਾਂ ਨੂੰ ਮਿਸਾਲੀਆ ਸਖ਼ਤੀ ਨਾਲ ਨੱਥ ਪਾਉਣ 'ਤੇ ਜ਼ੋਰ ਦਿੱਤਾ।