ਜਲੰਧਰ: ਸ਼ਹਿਰ ਦੇ ਡਿਪਟੀ ਮੇਅਰ ਦੇ ਅੰਗਰੱਖਿਅਤ ਵਜੋਂ ਤਾਇਨਾਤ ਸਹਾਇਕ ਸਬ ਇੰਸਪੈਕਟਰ ਆਪਣੇ ਪਿਸਤੌਲ ਦੀ ਰਾਖੀ ਕਰਨ ਵਿੱਚ ਹੀ ਫੇਲ੍ਹ ਸਾਬਤ ਹੋਇਆ। ਬੀਤੇ ਦਿਨ ਇੱਕ ਸਮਾਗਮ ਦੌਰਾਨ ਏਐਸਆਈ ਭੂਸ਼ਣ ਕੁਮਾਰ ਨੇ ਸਰਕਾਰੀ ਪਿਸਤੌਲ ਗੁਆ ਲਿਆ। ਇਸੇ ਸਮਾਗਮ ਵਿੱਚ ਇੱਕ ਕਾਂਗਰਸੀ ਨੇਤਾ ਦੀ ਜੇਬ ਵੀ ਕੱਟੀ ਗਈ ਜਿਸ ਵਿੱਚ ਇੱਕ ਲੱਖ ਰੁਪਏ ਦੀ ਨਕਦੀ ਪਾਈ ਹੋਈ ਸੀ।

ਦਰਅਸਲ, ਪਨਸਪ ਦੇ ਨਵੇਂ ਨਿਯੁਕਤ ਹੋਏ ਚੇਅਰਮੈਨ ਤੇਜਿੰਦਰ ਬਿੱਟੂ ਦੇ ਸਵਾਗਤ ਲਈ ਜਲੰਧਰ ਦੇ ਡਿਪਟੀ ਮੇਅਰ ਹਰਸਿਮਰਨਜੀਤ ਬੰਟੀ ਆਏ ਸਨ। ਇਸ ਸਮਾਗਮ ਦੌਰਾਨ ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਏਐਸਆਈ ਭੂਸ਼ਨ ਕੁਮਾਰ ਦਾ ਰਿਵਾਲਵਰ ਚੋਰੀ ਹੋਇਆ। ਇਸ ਘਟਨਾ ਦੇ ਸਦਮੇ ਕਾਰਨ ਏਐਸਆਈ ਦੀ ਹਾਲਤ ਇੰਨੀ ਵਿਗੜ ਗਈ ਕਿ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਭੂਸ਼ਨ ਕੁਮਾਰ ਹਾਲੇ ਵੀ ਆਈਸੀਯੂ ’ਚ ਦਾਖ਼ਲ ਹੈ।



ਥਾਣਾ ਡਿਵੀਜ਼ਨ ਨੰਬਰ 4 ਦੇ ਐਸਐਚਓ ਕਮਲਜੀਤ ਸਿੰਘ ਨੇ ਦੱਸਿਆ ਕਿ ਰਿਵਾਲਵਰ ਚੋਰੀ ਹੋਣ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਮਾਗਮ ਦੌਰਾਨ ਕਾਂਗਰਸੀ ਲੀਡਰ ਮਲਕੀਤ ਸਿੰਘ ਬੀਰਾ ਦੀ ਜੇਬ ਵੀ ਕੱਟੀ ਗਈ। ਉਸ ਨੇ ਵੀ ਆਪਣੇ ਇੱਕ ਲੱਖ ਰੁਪਏ ਚੋਰੀ ਹੋਣ ਸਬੰਧੀ ਥਾਣਾ ਡਿਵੀਜ਼ਨ ਨੰਬਰ 4 ਵਿੱਚ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਇਹ ਸਮਾਗਮ ਬਦ-ਇੰਤਜ਼ਾਮੀਆਂ ਦੀ ਭੇਟ ਚੜ੍ਹ ਗਿਆ। ਕੋਈ ਵੀ ਕਾਂਗਰਸੀ ਆਗੂ ਤੇ ਵਰਕਰ ਅਨੁਸ਼ਾਸਨ ਵਿਚ ਨਜ਼ਰ ਨਹੀਂ ਸੀ ਆ ਰਿਹਾ ਤੇ ਇਕ ਦੂਜੇ ਦੇ ਪੈਰ ਮਿੱਧੇ ਜਾ ਰਹੇ ਸਨ। ਇਥੋਂ ਤਕ ਕਿ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਵੀ ਭੀੜ ਕਾਰਨ ਪ੍ਰੈਸ ਕਾਨਫਰੰਸ ਵਾਲੇ ਕਮਰੇ ਵਿਚ ਨਹੀਂ ਜਾ ਸਕੇ। ਜਦੋਂ ਚੇਅਰਮੈਨ ਤੇਜਿੰਦਰ ਬਿੱਟੂ ਨੇ ਪ੍ਰੈੱਸ ਕਾਨਫਰੰਸ ਸ਼ੁਰੂ ਕਰਨੀ ਸੀ ਤਾਂ ਉਨ੍ਹਾਂ ਨੂੰ ਵੀ ਕਾਫੀ ਸਮਾਂ ਆਪਣੇ ਸਮਰਥਕਾਂ ਨੂੰ ਚੁੱਪ ਕਰਾਉਣ ਲਈ ਜ਼ੋਰ ਲਾਉਣਾ ਪਿਆ।