ਲੰਡਨ: ਇੱਥੋਂ ਦੀ ਸਕਾਟਲੈਂਡ ਯਾਰਡ ਪੁਲਿਸ ਦੇ ਪੰਜਾਬੀ ਮੂਲ ਦੇ ਅਫਸਰ ਨੂੰ ਲੱਖਾਂ ਰੁਪਏ ਦੀ ਬੀਮੇ ਦੀ ਰਕਮ ਹੜੱਪਣ ਦੇ ਦੋਸ਼ ਹੇਠ 30 ਮਹੀਨਿਆਂ ਦੀ ਤੁਰੰਤ ਹਿਰਾਸਤ ਵਿੱਚ ਲੈਣ ਦੀ ਸਜ਼ਾ ਸੁਣਾਈ ਗਈ ਹੈ। ਹਰਦੀਪ ਦੇਹਲ 'ਤੇ 18,415 ਪੌਂਡ ਯਾਨੀ ਤਕਰੀਬਨ 16 ਲੱਖ ਰੁਪਏ ਦੇ ਬੀਮੇ ਦੀ ਧੋਖਾਧੜੀ ਦਾ ਦੋਸ਼ੀ ਪਾਇਆ ਗਿਆ ਹੈ।


ਪ੍ਰਾਪਤ ਜਾਣਕਾਰੀ ਮੁਤਾਬਕ ਮਾਰਚ 2016 ਵਿੱਚ ਹਰਦੀਪ ਦੇਹਲ ਆਪਣੇ ਚਾਰ ਸਾਥੀਆਂ ਨਾਲ ਕਾਰ ਵਿੱਚ ਬੈਠਾ ਸੀ, ਜਿਸ ਨੂੰ ਵੈਨ ਨੇ ਟੱਕਰ ਮਾਰ ਦਿੱਤੀ। ਪੁਲਿਸ ਅਧਿਕਾਰੀ ਹਰਦੀਪ ਨੇ ਦਾਅਵਾ ਕੀਤਾ ਸੀ ਕਿ ਹਾਦਸੇ ਦੌਰਾਨ ਉਸ ਨੂੰ ਕਾਫੀ ਗੁੱਝੀਆਂ ਸੱਟਾਂ ਲੱਗੀਆਂ ਹਨ ਤੇ ਉਸ ਨੂੰ ਤੇਜ਼ ਦਰਦ ਵੀ ਹੋ ਰਿਹਾ ਹੈ। ਇਸ ਆਧਾਰ 'ਤੇ ਬੀਮੇ ਦੇ ਮੁਆਵਜ਼ੇ ਦੀ ਰਕਮ ਉੱਤੇ ਦਾਅਵਾ ਪੇਸ਼ ਕਰ ਦਿੱਤਾ।

ਹਾਦਸੇ ਦੀ ਮੁੱਢਲੀ ਜਾਂਚ 'ਚ ਵੈਨ ਦੇ ਚਾਲਕ ਰਿਆਨ ਅਨਵਰ ਵੱਲੋਂ ਗਲਤੀ ਮੰਨਣ ਕਾਰਨ ਬੀਮਾ ਕੰਪਨੀ ਨੇ ਹਰਦੀਪ ਨੂੰ ਰਕਮ ਦੇਣ ਲਈ ਸਹਿਮਤੀ ਦੇ ਦਿੱਤੀ। ਪਰ ਜਾਂਚ ਅਧਿਕਾਰੀਆਂ ਨੇ ਅਚਾਨਕ ਹਰਦੀਪ ਤੇ ਅਨਵਰ ਦੀਆਂ ਫ਼ੋਨ ਕਾਲਾਂ ਦੇ ਵੇਰਵੇ ਚੈੱਕ ਕਰ ਲਏ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਹਾਦਸੇ ਵਾਲੇ ਦਿਨ ਤੋਂ ਦੋ ਮਹੀਨੇ ਪਹਿਲਾਂ ਦੋਵਾਂ ਵਿਚਾਲੇ 375 ਵਾਰ ਫ਼ੋਨ 'ਤੇ ਗੱਲ ਹੋਈ ਸੀ ਅਤੇ ਦੋਵਾਂ ਨੇ ਇੱਕ ਦੂਜੇ ਨੂੰ ਕਈ ਸੁਨੇਹੇ ਵੀ ਭੇਜੇ ਹਨ। ਇਸ ਮਗਰੋਂ ਉਨ੍ਹਾਂ ਦੀ ਸਾਜ਼ਿਸ਼ ਦਾ ਭਾਂਡਾ ਫੁੱਟ ਗਿਆ। ਹੁਣ ਹਰਦੀਪ ਨੂੰ ਸਖ਼ਤ ਹਿਰਾਸਤ ਵਿੱਚ ਰੱਖਿਆ ਜਾਵੇਗਾ।