ਕੁਝ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਇਮਰਾਨ ਨੇ ਦੌਰੇ ਲਈ 7 ਜੋੜੀਆਂ ਸਲਵਾਰ-ਕਮੀਜ਼, ਜੈਕਟ ਤੇ ਪੇਸ਼ਾਵਰੀ ਸਲੀਪਰ ਤਿਆਰ ਕਰਵਾਏ। ਇਕ ਸੈੱਟ 'ਤੇ ਘੱਟੋ-ਘੱਟ 20 ਹਜ਼ਾਰ ਰੁਪਏ ਖਰਚ ਹੋਏ। ਦੂਜੇ ਪਾਸੇ ਕੁਝ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਇਮਰਾਨ ਨੇ 7 ਜੋੜੀ ਕੱਪੜੇ ਤਾਂ ਬਣਵਾਏ ਪਰ ਇਹ ਉਨ੍ਹਾਂ ਦੀ ਪਤਨੀ ਬੁਸ਼ਰਾ ਨੇ ਸਿਲਵਾਏ ਤੇ ਉਹ ਵੀ ਬੇਹੱਦ ਘੱਟ ਕੀਮਤ 'ਤੇ ਕੱਪੜਾ ਲੈ ਕੇ ਇੱਕ ਦਰਜੀ ਕੋਲੋਂ ਤਿਆਰ ਕਰਵਾਏ।
ਪਾਕਿਸਤਾਨ ਦੇ ਅਖਬਾਰ 'ਦ ਡਾਅਨ' ਮੁਤਾਬਕ ਇਸਲਾਮਾਬਾਦ ਦੀ ਇੱਕ ਲਗਜ਼ਰੀ ਕੱਪੜੇ ਦੀ ਦੁਕਾਨ 'ਮੋਹਤਰਾਮ' ਨੂੰ ਇਮਰਾਨ ਦੇ ਸੂਟ ਤਿਆਰ ਕਰਨ ਦਾ ਠੇਕਾ ਦਿੱਤਾ ਗਿਆ ਸੀ। ਇਸ ਸਟੋਰ ਵਿੱਚ ਇੱਕ ਜੋੜੀ ਸਲਵਾਰ-ਕਮੀਜ਼ ਦੀ ਕੀਮਤ ਘੱਟੋ-ਘੱਟ 16 ਹਜ਼ਾਰ ਰੁਪਏ ਹੈ। ਜੈਕਿਟ ਤੇ ਸਲੀਪਰ ਦੀ ਕੀਮਤ ਇਸ ਵਿੱਚ ਸ਼ਾਮਲ ਨਹੀਂ। ਅਨੁਮਾਨ ਮੁਤਾਬਕ 7 ਸਲਵਾਰ ਕਮੀਜ਼ ਤੇ ਜੈਕਿਟ ਦੇ ਸੈੱਟ ਦੀ ਕੀਮਤ ਲਗਪਗ 1.50 ਲੱਖ ਰੁਪਏ ਹੋਵੇਗੀ। ਦੂਜੇ ਪਾਸੇ 'ਲਾਫਰੇਬਿਕਾ' ਸਟੋਰ ਨੇ ਵੀ ਇਹੀ ਦਾਅਵਾ ਕੀਤਾ ਹੈ। ਪਰ ਹੁਣ ਇਹ ਦੋਵੇਂ ਸਟੋਰ ਅਧਿਕਾਰਿਤ ਤੌਰ 'ਤੇ ਕੁਝ ਵੀ ਬੋਲਣ ਤੋਂ ਟਾਲਾ ਵੱਟ ਰਹੇ ਹਨ।
ਇਸ ਬਾਰੇ ਵਿਵਾਦ ਵਧਣ 'ਤੇ ਇਮਰਾਨ ਦੇ ਵਿਸ਼ੇਸ਼ ਸਕੱਤਰ ਜੁਲਫੀ ਬੁਖਾਰੀ ਨੂੰ ਸਫ਼ਾਈ ਦੇਣੀ ਪਈ। ਉਨ੍ਹਾਂ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਦੀ ਪਤਨੀ ਬੁਸ਼ਰਾ ਨੇ ਕੱਪੜਾ ਖਰੀਦਿਆ ਤੇ ਇੱਕ ਲੋਕਲ ਦਰਜੀ ਤੋਂ ਸੂਟ ਤਿਆਰ ਕਰਵਾਏ। ਪੀਐਮ ਨੂੰ ਡਿਜ਼ਾਈਨਰ ਕੱਪੜਿਆਂ ਦਾ ਸ਼ੌਕ ਨਹੀਂ। ਉਹ ਸਾਦਗੀ ਪਸੰਦ ਹਨ। ਜੇ ਕੋਈ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਹ ਧੋਖੇਬਾਜ਼ੀ ਕਰ ਰਹੇ ਹਨ।