ਲੰਡਨ: ਡਰੱਗ ਤਸਕਰੀ ਗਰੋਹ ਦੇ ਭਾਰਤੀ ਮੂਲ ਦੇ ਸਰਗਣੇ ਤੇ ਉਸ ਦੇ ਸਾਥੀ ਨੂੰ ਬ੍ਰਿਟੇਨ ਵਿੱਚ ਨਸ਼ਾ ਤਸਕਰੀ ਤੇ ਲੱਖਾਂ ਪੌਡਾਂ ਦੇ ਕਾਲੇ ਧਨ ਨੂੰ ਚਿੱਟੇ ਵਿੱਚ ਬਦਲਣ ਦੇ ਦੋਸ਼ ’ਚ ਕੁੱਲ 34 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਡਰੱਗ ਸਰਗਣਾ ਬਲਜਿੰਦਰ ਕੰਗ ਤੇ ਉਸ ਦੇ ਸਾਥੀ ਸੁਖਜਿੰਦਰ ਪੂਨੀ ਤੇ ਉਨ੍ਹਾਂ ਦੇ ਅੱਠ ਮੈਂਬਰੀ ਗਰੋਹ ਨੂੰ ਇਸ ਮਹੀਨੇ ਸਜ਼ਾ ਸੁਣਾਈ ਗਈ ਹੈ।


ਇਨ੍ਹਾਂ ਉੱਤੇ 50 ਕਿਲੋ ਕੈਟਾਮਾਈਨ ਤੇ 18 ਲੱਖ ਪੌਂਡ ਦੇ ਕਾਲੇ ਧਨ ਨੂੰ ਚਿੱਟੇ ਧਨ ਵਿੱਚ ਤਬਦੀਲ ਕਰਨ ਦਾ ਦੋਸ਼ ਸੀ। ਇਹ ਇਨ੍ਹਾਂ ਦੀ ਕਰੀਬ ਛੇ ਮਹੀਨੇ ਦੀ ਨਸ਼ਾ ਤਸਕਰੀ ਦੀ ਕਮਾਈ ਸੀ। ਬਲਜਿੰਦਰ ਕੰਗ ਬੇਹੱਦ ਐਸ਼ੋ-ਇਸ਼ਰਤ ਵਾਲਾ ਜੀਵਨ ਬਤੀਤ ਕਰਦਾ ਸੀ। ਉਹ ਗੁੱਚੀ, ਰੋਲਫ ਲੌਰੇਨ ਤੇ ਹਾਰੌਡਜ਼ ਵਰਗੇ ਲਗਜ਼ਰੀ ਬਰਾਂਡ ਵਰਤਦਾ ਤੇ ਮਹਿੰਗੀਆਂ ਡਿਜ਼ਾਈਨਰ ਘੜੀਆਂ ਲਾਉਂਦਾ ਸੀ।

ਬ੍ਰਿਟੇਨ ਵਿਚਲੇ ਸਰਕਾਰ ਪੱਖੀ ਵਕੀਲਾਂ ਨੇ ਦੱਸਿਆ ਕਿ ਉਹ ਮਹਿੰਗੀਆਂ ਕਾਰਾਂ ਚਲਾਉਣ ਦਾ ਸ਼ੌਕੀਨ ਸੀ ਤੇ ਲਗਾਤਾਰ ਸੰਯੁਕਤ ਅਰਬ ਅਮੀਰਾਤ ਦੇ ਗੇੜੇ ਮਾਰਦਾ ਸੀ। ਬਲਜਿੰਦਰ (31) ਨੂੰ ਬਰਤਾਨੀਆ ਤੋਂ ਦੁਬਈ ਜਾਣ ਸਮੇਂ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਕੌਕੀਨ ਦੀ ਤਸਕਰੀ ਕਰਨ, ਕੈਟਾਮਾਈਨ ਦੀ ਤਸਕਰੀ ਕਰਨ ਤੇ ਕਾਲੇ ਧਨ ਨੂੰ ਚਿੱਟਾ ਬਣਾਉਣ ਦੀ ਸਾਜਿਸ਼ ਰਚਣ ਦੇ ਦੋਸ਼ ਵਿੱਚ 18 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਦੇ ਸਾਥੀ ਪੂਨੀ ਨੂੰ 16 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਗੈਂਗ ਨੂੰ ਚਲਾਉਂਦਾ ਸੀ।

ਇਨ੍ਹਾਂ ਨੂੰ ਗਰੋਹ ਦੇ ਹੋਰਨਾਂ ਮੈਂਬਰਾਂ ਸਮੇਤ ਸ਼ੁੱਕਰਵਾਰ ਨੂੰ ਕਿੰਗਸਟਨ ਦੀ ਕਰਾਊਨ ਕੋਰਟ ਨੇ ਸਜ਼ਾ ਸੁਣਾਈ ਹੈ। ਸਰਕਾਰੀ ਪੱਖ ਦੇ ਅਧਿਕਾਰੀ ਨੇ ਦੱਸਿਆ ਕਿ ਉਸ ਕੋਲ ਕਈ ਫੋਨ ਸਨ ਤੇ ਉਹ ਫੋਨ ਬਦਲਦਾ ਰਹਿੰਦਾ ਸੀ ਤੇ ਕਿਸੇ ਹੱਦ ਤੱਕ ਆਪਣੇ ਆਪ ਨੂੰ ਸਿੱਧੇ ਤੌਰ ਉੱਤੇ ਨਸ਼ਿਆਂ ਤੋਂ ਦੂਰ ਰੱਖਦਾ ਸੀ। ਇਨ੍ਹਾਂ ਦੇ ਗੈਂਗ ਵਿੱਚ ਆਮਿਰ ਅਲੀ, ਅਮੀਨੂਰ ਅਹਿਮਦ ਤੇ ਕਿਰੇਨ ਓ ਕਾਨੇ ਸ਼ਾਮਲ ਸਨ। ਇਨ੍ਹਾਂ ਨੂੰ ਨੈਸ਼ਨਲ ਕਰਾਈਮ ਏਜੰਸੀ ਤੇ ਮੈਟਰੋਪਾਲਿਟਨ ਪੁਲਿਸ ਆਰਗੇਨਾਈਜ਼ਡ ਕਰਾਈਮ ਪਾਰਟਨਰਸ਼ਿਪ (ਓਸੀਪੀ) ਨੇ ਗ੍ਰਿਫ਼ਤਾਰ ਕੀਤਾ ਸੀ।