ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੋਰੋਨਾ ਵਿਰੁੱਧ ਜੰਗ ਦੌਰਾਨ ਸਰਕਾਰੀ ਕਾਰਜਸ਼ੈਲੀ ‘ਤੇ ਗੰਭੀਰ ਸਵਾਲ ਉਠਾਉਂਦੇ ਹੋਏ ਕਿਹਾ ਕਿ ਨਿਕੰਮੇ ਪ੍ਰਬੰਧਾਂ ਤੇ ਨਖਿੱਧ ਲੀਡਰਸ਼ਿਪ ਕਾਰਨ ਕੋਰੋਨਾ ਵਿਰੁੱਧ ‘ਆਪ੍ਰੇਸ਼ਨ ਫ਼ਤਹਿ’ ਅਸਲੀਅਤ ‘ਚ ‘ਆਪ੍ਰੇਸ਼ਨ ਫ਼ੇਲ੍ਹ’ ਬਣ ਗਿਆ ਹੈ।


ਮਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੀ ‘ਪ੍ਰਵਚਨ’ ਦੇਣ ਤੋਂ ਅੱਗੇ ਕੁਝ ਵੀ ਨਹੀਂ ਕਰ ਰਹੀ। ਵਿੱਤੀ ਤੌਰ ‘ਤੇ ਸੂਬਿਆਂ ਦੇ ਬਹੁਗਿਣਤੀ ਸਾਧਨਾਂ-ਸੰਸਾਧਨਾਂ ‘ਤੇ ਕਬਜ਼ਾ ਕਰ ਚੁੱਕੀ ਕੇਂਦਰ ਸਰਕਾਰ ਨੇ ਇਸ ਔਖੀ ਘੜੀ ‘ਚ ਪੰਜਾਬ ਵਰਗੇ ਸੂਬੇ ਦੀ ਵੀ ਅਣਦੇਖੀ ਕਰ ਦਿੱਤੀ ਹੈ, ਜਿਸ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਪੂਰੇ ਦੇਸ਼ ਦਾ ਪੇਟ ਭਰਨ ਲਈ ਸਭ ਤੋਂ ਵੱਧ ਯੋਗਦਾਨ ਦਿੱਤਾ ਹੈ।

ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ ਇੱਕ ਸਾਂਝੇ ਮਤੇ ਰਾਹੀਂ ਕੇਂਦਰ ਸਰਕਾਰ ਉੱਤੇ ਦਬਾਅ ਦੀ ਸਲਾਹ ਦਿੱਤੀ ਹੈ। ਉਹ ਪੰਜਾਬ ਲਈ ਵਿਸ਼ੇਸ਼ ਵਿੱਤੀ ਪੈਕੇਜ ਤੇ ਸੂਬੇ ਦੀ ਇੰਡਸਟਰੀ ਨੂੰ ਪਹਾੜੀ ਰਾਜਾਂ ਦੀ ਤਰਜ਼ ‘ਤੇ ਟੈਕਸ ਛੋਟਾਂ ਦੇਵੇ ਤਾਂ ਕਿ ਕੋਰੋਨਾ ਵਾਇਰਸ ਕਾਰਨ ਹੋਰ ਜ਼ਿਆਦਾ ਸੰਕਟ ‘ਚ ਘਿਰੇ ਪੰਜਾਬ ਦੇ ਉਦਯੋਗਾਂ ਤੇ ਆਰਥਿਕਤਾ ਨੂੰ ਲੋੜੀਂਦਾ ਹੁਲਾਰਾ ਮਿਲ ਸਕੇ।

ਮਾਨ ਮੁਤਾਬਕ, ‘‘ਮੈਂ ਬਾਦਲ ਜੋੜੀ (ਹਰਸਿਮਰਤ-ਸੁਖਬੀਰ), ਭਾਜਪਾ ਦੇ ਸੋਮ ਪ੍ਰਕਾਸ਼ ਤੇ ਸੰਨੀ ਦਿਓਲ ਸਮੇਤ ਸਾਰੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਸੱਦਾ ਦਿੰਦਾ ਹਾਂ ਕਿ ਆਓ ਇਕੱਠੇ ਹੋ ਕੇ ਪੰਜਾਬ ਲਈ ਮੋਦੀ ਸਰਕਾਰ ਤੋਂ ਵਿਸ਼ੇਸ਼ ਵਿੱਤੀ ਪੈਕੇਜ ਲਈ ਹਰ ਸੰਭਵ ਦਬਾਅ ਬਣਾਈਏ।’’

ਮਾਨ ਨੇ ਸੂਬਾ ਸਰਕਾਰ ਤੇ ਸਾਧਿਆ ਨਿਸ਼ਾਨਾ
ਭਗਵੰਤ ਮਾਨ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਕਾਂਗਰਸ ਲੀਡਰਸ਼ਿਪ ਤੇ ਉੱਚ-ਪ੍ਰਸ਼ਾਸਨਿਕ ਅਧਿਕਾਰੀ ਕੋਰੋਨਾ ਵਿਰੁੱਧ ਲੜਨ ਦੇ ਦਾਅਵੇ ਕਰ ਰਹੇ ਹਨ ਪਰ ਉਹ ਜ਼ਮੀਨੀ ਹਕੀਕਤ ਸਾਹਮਣੇ ਲਗਾਤਾਰ ਫ਼ੇਲ੍ਹ ਤੇ ਫਲਾਪ ਹੋ ਰਹੇ ਹਨ। ਨਤੀਜਣ ਸਵਾ ਮਹੀਨੇ ਦੇ ਕਰਫ਼ਿਊ ਦੇ ਬਾਵਜੂਦ ਪੰਜਾਬ ਅੰਦਰ ਕੋਰੋਨਾ ਵਾਇਰਸ ਵਧਦਾ-ਫੈਲਦਾ ਹੀ ਜਾ ਰਿਹਾ ਹੈ।

ਮਾਨ ਨੇ ਕਿਹਾ ਕਿ ਤਰਨਤਾਰਨ ‘ਚ ਖਟਾਰਾ ਐਂਬੂਲੈਂਸ ਤੇ ਪੰਜਾਬ ਭਰ ਦੇ ਹਸਪਤਾਲਾਂ ਤੇ ਨਿਹੱਥੇ ਲੜਾਈ ਲੜ ਰਹੇ ਡਾਕਟਰਾਂ ਨੇ ਸਰਕਾਰ ਦੀ ਪੂਰੀ ਤਰਾਂ ਪੋਲ ਖੋਲ੍ਹ ਦਿੱਤੀ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਘਰੇ ਹੀ ਦੁਬਕ ਕੇ ਬੈਠ ਗਏ ਹਨ, ਜਦਕਿ ਉਨ੍ਹਾਂ ਨੂੰ ਇਕੱਲਿਆਂ ਗੱਡੀ ਚਲਾ ਕੇ ਪੂਰੇ ਪੰਜਾਬ ‘ਚ ਪ੍ਰਬੰਧਾਂ ਦੀ ਨਿਗਰਾਨੀ ਕਰਨੀ ਚਾਹੀਦੀ ਸੀ।