ਚੰਡੀਗੜ੍ਹ: ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਦੇ ਨਾਮਜ਼ਦਗੀ ਨੂੰ ਹਾਈਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ। ਇਹ ਚੁਣੌਤੀ ਬਲਜਿੰਦਰ ਕੌਰ ਦੇ ਪਿਤਾ ਦੇ ਨਾਮ ਨੂੰ ਲੈ ਕੇ ਦਿੱਤੀ ਗਈ ਹੈ। ਹਾਈਕੋਰਟ ਨੇ ਚੋਣ ਕਮਿਸ਼ਨ ਨੂੰ ਤਿੰਨ ਦਿਨ ਅੰਦਰ ਮਾਮਲੇ ਦਾ ਨਿਬੇੜਾ ਕਰਨ ਲਈ ਕਿਹਾ ਹੈ।

ਪਟੀਸ਼ਨ ਵਿੱਚ ਕਿਹਾ ਗਿਆ ਕਿ ਬਲਜਿੰਦਰ ਕੌਰ ਨੂੰ ਅਮਰਜੀਤ ਸਿੰਘ ਨੇ ਕਾਨੂੰਨੀ ਤੌਰ 'ਤੇ ਗੋਦ ਲਿਆ ਸੀ ਪਰ ਬਲਜਿੰਦਰ ਕੌਰ ਨੇ ਨਾਮਜ਼ਦਗੀ ਪੱਤਰ ਭਰਦੇ ਹੋਏ ਆਪਣੇ ਪਿਤਾ ਦਾ ਨਾਮ ਦਰਸ਼ਨ ਸਿੰਘ ਲਿਖਿਆ ਹੈ ਜੋ ਕਾਨੂੰਨੀ ਤੌਰ 'ਤੇ ਗਲਤ ਹੈ।

ਇਸ ਖਿਲਾਫ ਚੋਣ ਕਮਿਸ਼ਨ ਕੋਲ ਸ਼ਿਕਾਇਤ ਬਠਿੰਡਾ ਦੀ ਮਹਿਲਾ ਵੱਲੋਂ ਪਾਈ ਗਈ ਸੀ। ਹੁਣ ਪਟੀਸ਼ਨਰ ਨੇ ਅਦਾਲਤ ਨੂੰ ਦੱਸਿਆ ਕਿ ਡੇਢ ਸਾਲ ਤੋਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ ਜਿਸ ਦਾ ਕੋਈ ਵੀ ਫੈਸਲਾ ਹੁਣ ਤੱਕ ਨਹੀਂ ਆਇਆ। ਹਾਈਕੋਰਟ ਨੇ ਚੋਣ ਕਮਿਸ਼ਨ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਤਿੰਨ ਦਿਨ ਦੇ ਅੰਦਰ-ਅੰਦਰ ਬਲਜਿੰਦਰ ਕੌਰ ਦੇ ਪਿਤਾ ਦੇ ਨਾਮ 'ਤੇ ਉੱਠੇ ਸਵਾਲਾਂ ਵਿੱਚ ਕਲੀਅਰ ਕੀਤਾ ਜਾਵੇ।