ਸੰਗਰੂਰ: ਸੰਗਰੂਰ ਲੋਕ ਸਭਾ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਸਰਪੰਚ ਗੁਰਮੇਲ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ। ਪਾਰਟੀ ਉਨ੍ਹਾਂ ਨੂੰ ਆਮ ਆਦਮੀ ਦੱਸ ਰਹੀ ਹੈ, ਜਦਕਿ ਉਹ ਇੱਕ ਕਰੋੜ ਤੋਂ ਵੱਧ ਜਾਇਦਾਦ ਦੇ ਮਾਲਕ ਹਨ। ਇਸ ਗੱਲ ਦਾ ਖੁਲਾਸਾ ਗੁਰਮੇਲ ਸਿੰਘ ਘਰਾਚੋਂ ਵੱਲੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ ਤੋਂ ਹੋਇਆ ਹੈ। ਗੁਰਮੇਲ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਵਿੱਚ ਦਰਸਾਇਆ ਹੈ ਕਿ ਉਹ 40 ਕਨਾਲ ਵਾਹੀਯੋਗ ਜ਼ਮੀਨ ਦੇ ਮਾਲਕ ਹਨ। ਇਸ ਦੀ ਬਾਜ਼ਾਰੀ ਕੀਮਤ ਕਰੀਬ 1 ਕਰੋੜ 10 ਲੱਖ ਰੁਪਏ ਹੈ।



ਇਸ ਦੇ ਨਾਲ ਹੀ ਉਨ੍ਹਾਂ ਦੇ ਪਿੰਡ ਚੰਦ ਪੱਤੀ ਵਿੱਚ ਸਥਿਤ 9075 ਵਰਗ ਫੁੱਟ ਦੇ ਮਕਾਨ ਦੀ ਕੀਮਤ ਕਰੀਬ 12.60 ਲੱਖ ਰੁਪਏ ਦੱਸੀ ਜਾਂਦੀ ਹੈ। ਅਜਿਹੇ 'ਚ ਗੁਰਮੇਲ ਸਿੰਘ ਇੱਕ ਕਰੋੜ 22 ਲੱਖ 60 ਹਜ਼ਾਰ ਰੁਪਏ ਦੀ ਜਾਇਦਾਦ ਦੇ ਮਾਲਕ ਹਨ। ਜੇਕਰ ਗੁਰਮੇਲ ਸਿੰਘ ਦੀ ਚੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਸਿਰਫ਼ 70 ਹਜ਼ਾਰ ਰੁਪਏ ਨਕਦ ਹਨ, ਪਤਨੀ ਕੋਲ 30 ਹਜ਼ਾਰ ਰੁਪਏ ਦੀ ਨਕਦੀ ਹੈ।

ਉਨ੍ਹਾਂ ਕੋਲ ਇੱਕ ਆਈ-20 ਕਾਰ ਤੇ ਇੱਕ ਸਕੂਟਰੀ ਹੈ। ਜੇਕਰ ਸੋਨੇ ਤੇ ਗਹਿਣਿਆਂ ਦੀ ਗੱਲ ਕਰੀਏ ਤਾਂ ਗੁਰਮੇਲ ਸਿੰਘ ਕੋਲ 55 ਗ੍ਰਾਮ ਸੋਨਾ ਹੈ, ਜਿਸ ਦੀ ਕੀਮਤ ਕਰੀਬ 2.60 ਲੱਖ ਰੁਪਏ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਹਰਦੀਪ ਕੌਰ ਕੋਲ 100 ਗ੍ਰਾਮ ਸੋਨੇ ਦੇ ਗਹਿਣੇ ਹਨ, ਜਿਨ੍ਹਾਂ ਦੀ ਕੀਮਤ ਕਰੀਬ 4.73 ਲੱਖ ਰੁਪਏ ਹੈ। ਗੁਰਮੇਲ ਕੋਲ 9 ਲੱਖ 16 ਹਜ਼ਾਰ 605 ਰੁਪਏ ਦੀ ਚੱਲ ਜਾਇਦਾਦ ਹੈ, ਜਦੋਂਕਿ ਉਨ੍ਹਾਂ ਦੀ ਪਤਨੀ ਕੋਲ 5 ਲੱਖ 22 ਹਜ਼ਾਰ 788 ਰੁਪਏ ਦੀ ਚੱਲ ਜਾਇਦਾਦ ਹੈ।

ਰਾਜਨੀਤੀ ਤੇ ਖੇਤੀਬਾੜੀ ਉਨ੍ਹਾਂ ਦੀ ਆਮਦਨ ਦੇ ਮੁੱਖ ਸਾਧਨ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਬੇਹੱਦ ਕਰੀਬੀ ਮੰਨੇ ਜਾਣ ਵਾਲੇ ਗੁਰਮੇਲ ਸਿੰਘ ਕਰੀਬ 5 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ। ਉਸ ਦੀ ਪੰਜ ਲੱਖ 20 ਹਜ਼ਾਰ ਰੁਪਏ ਦੀ ਦੇਣਦਾਰੀ ਵੀ ਹੈ।

ਦੱਸ ਦੇਈਏ ਕਿ 38 ਸਾਲਾ ਐਮਬੀਏ ਪਾਸ ਗੁਰਮੇਲ ਸਿੰਘ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਇੱਕ ਅਧਿਆਪਕ ਅਤੇ ਟਿਊਟਰ ਵਜੋਂ ਬੱਚਿਆਂ ਨੂੰ ਪੜ੍ਹਾਉਣ ਦੀ ਸੇਵਾ ਵੀ ਨਿਭਾਈ ਹੈ। 2013 ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। 2015 ਵਿੱਚ ਪਾਰਟੀ ਨੇ ਉਨ੍ਹਾਂ ਨੂੰ ਭਵਾਨੀਗੜ੍ਹ ਸਰਕਲ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਅਤੇ ਸਾਲ 2018 ਦੇ ਅੰਤ ਵਿੱਚ ਉਹ ਪੰਚਾਇਤੀ ਚੋਣਾਂ ਜਿੱਤ ਕੇ ਪਿੰਡ ਦੇ ਸਰਪੰਚ ਬਣੇ।