ਅੰਮ੍ਰਿਤਸਰ: ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਪਹਿਲੀ ਸੂਚੀ 'ਚ ਇੱਕ ਹਨ ਡਾਕਟਰ ਇੰਦਰਬੀਰ ਸਿੰਘ ਨਿੱਝਰ। ਉਨ੍ਹਾਂ ਦਾਅਵਾ ਕੀਤਾ ਹੈ ਕਿ ਆਪਣੀ ਚੋਣ ਮੁਹਿੰਮ ਦੌਰਾਨ ਉਹ ਵੋਟਰਾਂ ਨੂੰ ਲੁਭਾਉਣ ਲਈ ਕੋਈ ਵੀ ਨਸ਼ਾ ਜਾਂ ਪੈਸੇ ਨਹੀਂ ਵੰਡਣਗੇ। ਇਸ ਦੇ ਨਾਲ ਉਨ੍ਹਾਂ ਸਾਫ ਸੁਧਰੇ ਤਰੀਕੇ ਨਾਲ ਚੋਣ ਜਿੱਤਣ ਦਾ ਵੀ ਦਾਅਵਾ ਕੀਤਾ ਹੈ। ਇੰਦਰਬੀਰ ਇੱਕ ਪੇਸ਼ਵਰ ਡਾਕਟਰ ਹਨ। ਉਹ ਕਰੀਬ ਇੱਕ ਸਾਲ ਪਹਿਲਾਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ।

 

 

ਨਿੱਜਰ ਨੂੰ ਅੰਮ੍ਰਿਤਸਰ ਦੇ ਦੱਖਣੀ ਵਿਧਾਨ ਸਭਾ ਹਲਕਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਮੌਜੂਦਾ ਸਮੇਂ ਇਸ ਸੀਟ 'ਤੇ ਅਕਾਲੀ ਦਲ ਤੋਂ ਮੁਅੱਤਲ ਕੀਤੇ ਗਏ ਇੰਦਰਬੀਰ ਸਿੰਘ ਬੁਲਾਰੀਆ ਕਾਬਜ਼ ਹੈ। ਹਾਲਾਂਕਿ ਪਹਿਲਾਂ ਅਜਿਹੇ ਅਨੁਮਾਨ ਵੀ ਲਗਾਏ ਜਾ ਰਹੇ ਸਨ ਕਿ ਬੁਲਾਰੀਆ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ ਪਰ 'ਆਪ' ਵੱਲੋਂ ਇਸ ਸੀਟ ਤੋਂ ਨਿੱਝਰ ਦੇ ਨਾਮ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਅਜਿਹੀਆਂ ਸੰਭਾਵਨਾਵਾਂ ਘੱਟ ਹੋ ਗਈਆਂ ਹਨ।

 

 

'ਆਪ' ਉਮੀਦਵਾਰ ਇੰਦਰਬੀਰ ਸਿੰਘ ਨਿੱਝਰ ਲੰਮੇ ਸਮੇਂ ਤੋਂ ਡਾਕਟਰੀ ਪੇਸ਼ੇ ਨਾਲ ਜੁੜੇ ਹੋਏ ਹਨ। ਉਨ੍ਹਾਂ ਕਰੀਬ 8 ਸਾਲ ਤੱਕ ਸਰਕਾਰੀ ਨੌਕਰੀ ਕਰਨ ਤੋਂ ਬਾਅਦ ਆਪਣਾ ਨਿੱਜੀ ਨਿੱਝਰ ਸਕੈਨਿੰਗ ਸੈਂਟਰ ਸ਼ੁਰੂ ਕੀਤਾ। ਇਸ ਦੇ ਨਾਲ ਹੀ ਉਹ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ। ਪਾਰਟੀ ਉਮੀਦਵਾਰ ਬਣਾਏ ਜਾਣ ਮਗਰੋਂ ਨਿੱਝਰ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਤੇ ਚੰਗੀ ਸਿੱਖਿਆ ਦੇਣਾ ਹੋਵੇਗਾ।