ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅੱਜ ਇੱਕ-ਦੂਜੇ ਨਾਲ ਇੰਨਾ ਉਲਝ ਗਏ ਕਿ ਮਾਮਲਾ ਪੁਲਿਸ ਥਾਣੇ ਤੱਕ ਪਹੁੰਚ ਗਿਆ। ਡੀ.ਸੀ. ਤੇ ਏ.ਡੀ.ਸੀ. ਦੀ ਮੌਜੂਦਗੀ ਵਿੱਚ ਅਕਾਲੀ ਨੇਤਾ ਨਵਦੀਪ ਸਿੰਘ ਗੋਲਡੀ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਨਾਲ ਹੱਥੋ-ਪਾਈ ਹੋ ਗਏ। ਜਦੋਂ ਬਾਕੀ ਅਕਾਲੀ ਨੇਤਾਵਾਂ ਨੇ ਗੋਲਡੀ ਨੂੰ ਰੋਕਿਆ ਤਾਂ ਉਹ ਆਪਣੇ ਗੰਨਮੈਨ ਦੀ ਏ-ਕੇ 47 ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਗੋਲਡੀ ਅੰਮ੍ਰਿਤਸਰ ਦੀ ਡੀ.ਟੀ.ਓ. ਲਵਪ੍ਰੀਤ ਕੌਰ ਕਲਸੀ ਦਾ ਪਤੀ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

 

ਦਰਅਸਲ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਰੁਣ ਰੂਜ਼ਮ ਦੇ ਦਫਤਰ ਵਿੱਚ ਅਕਾਲੀ ਨੇਤਾਵਾਂ ਨਾਲ ਬੈਠਕ ਕੀਤੀ ਜਾ ਰਹੀ ਸੀ। ਡਿਪਟੀ ਕਮਿਸ਼ਨਰ ਜਿਵੇਂ ਹੀ ਉੱਥੋਂ ਗਏ ਤਾਂ ਏ.ਡੀ.ਸੀ. ਦੇ ਸਾਹਮਣੇ ਅਕਾਲੀ ਨੇਤਾ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਇੱਕ ਦੂਜੇ ਨਾ ਉਲਝ ਗਏ। ਇਸ ਦੌਰਾਨ ਨਵਦੀਪ ਸਿੰਘ ਗੋਲਡੀ ਨੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਨੂੰ ਗਾਲੀ ਗਲੋਚ ਕਾਰਨ ਤੋਂ ਇਲਾਵਾ ਧੱਕਾ-ਮੁੱਕੀ ਵੀ ਕੀਤੀ। ਜਿੱਦਾਂ ਹੀ ਮੌਕੇ 'ਤੇ ਮੌਜੂਦ ਬਾਕੀ ਅਕਾਲੀ ਨੇਤਾਵਾਂ ਨੇ ਗੋਲਡੀ ਦਾ ਵਿਰੋਧ ਕੀਤਾ ਤੇ ਉਸ ਨੂੰ ਕਾਬੂ ਕਾਰਨ ਲੱਗੇ ਤਾਂ ਗੋਲਡੀ ਆਪਣੇ ਸੁਰੱਖਿਆ ਗਾਰਡ ਦੀ ਸਰਕਾਰੀ ਅਸਾਲਟ ਲੈ ਕੇ ਉੱਥੋਂ ਫਰਾਰ ਹੋ ਗਿਆ।

 

 

ਗੋਲਡੀ ਆਪਣੀਆਂ ਦੋ ਨਿੱਜੀ ਗੱਡੀਆਂ ਵੀ ਉੱਥੇ ਹੀ ਛੱਡ ਕੇ ਚਲਾ ਗਿਆ ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਹੈ ਪਰ ਉਨ੍ਹਾਂ ਨੇ ਮੀਡੀਆ ਨੂੰ ਇਸ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਉਧਰ ਪੁਲਿਸ ਦਾ ਕਹਿਣਾ ਹੈ ਕੇ ਮਾਮਲੇ ਦੀ ਪੂਰੀ ਜਾਂਚ ਕਾਰਨ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।