ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਨੇ ਮੇਜਰ ਜਨਰਲ ਸੁਰੇਸ਼ ਖਜੂਰੀਆ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਪਾਰਟੀ ਨੇ ਹਿੰਦੂ ਤੇ ਫੌਜੀ ਵੋਟ ਨੂੰ ਧਿਆਨ ਵਿੱਚ ਰੱਖ ਕੇ ਖਜੂਰੀਆ 'ਤੇ ਦਾਅ ਖੇਡਿਆ ਹੈ। ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ 11 ਅਕਤੂਬਰ ਨੂੰ ਹੋ ਰਹੀ ਹੈ। 'ਆਪ' ਦੀ ਟਿਕਟ ਲਈ ਮੇਜਰ ਜਨਰਲ (ਸੇਵਾ ਮੁਕਤ) ਸੁਰੇਸ਼ ਖਜੂਰੀਆ ਤੇ ਸੂਬਾ ਜਨਰਲ ਸਕੱਤਰ ਲਖਬੀਰ ਸਿੰਘ ਸੈਣੀ ਦੌੜ ਵਿੱਚ ਸੀ ਪਰ ਖਜੂਰੀਆ ਬਾਜੀ ਮਾਰ ਗਏ। ਪਾਰਟੀ ਨੇ ਗੁਰਦਾਸਪੁਰ ਵਿੱਚ ਸਾਬਕਾ ਫੌਜੀਆਂ ਦੀ ਵੱਡੀ ਗਿਣਤੀ ਨੂੰ ਮੁੱਖ ਰੱਖਦਿਆਂ ਖਜੂਰੀਆ ਦੇ ਨਾਂ ਨੂੰ ਤਰਜੀਹ ਦਿੱਤੀ ਹੈ।
ਦਰਅਸਲ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਉਮੀਦਵਾਰ ਉਤਾਰ ਕੇ ਬਾਜ਼ੀ ਮਾਰ ਲਈ ਹੈ। ਆਮ ਆਦਮੀ ਪਾਰਟੀ ਨੇ ਪਠਾਨਕੋਟ ਦੇ ਰਹਿਣ ਵਾਲੇ ਰਿਟਾਇਰਡ ਮੇਜਰ ਜਨਰਲ ਸੁਰੇਸ਼ ਖਜੂਰੀਆ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਉਹ 21 ਨੂੰ ਦਾਖਲ ਕਾਗਜ਼ ਦਾਖਲ ਕਰਨਗੇ। ਅੱਜ ਜਲੰਧਰ 'ਚ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਖਜੂਰੀਆ ਦੇ ਨਾਂ ਦਾ ਐਲਾਨ ਕੀਤਾ।
ਖਜੂਰੀਆ ਨੇ ਕਿਹਾ ਕਿ ਉਹ ਫੌਜ ਦੀ ਸੇਵਾ ਕਰਕੇ ਆਏ ਹਨ। ਅਜੇ ਉਨ੍ਹਾਂ ਵਿੱਚ ਬਹੁਤ ਐਨਰਜੀ ਹੈ। ਉਹ ਲੋਕਾਂ ਦੀ ਸੇਵਾ ਕਰਨਗੇ। ਪਠਾਨਕੋਟ ਦੇ ਭੁੰਗਲ ਪਿੰਡ ਦੇ ਰਹਿਣ ਵਾਲੇ ਸੁਰੇਸ਼ ਖਜੂਰੀਆ 2011 'ਚ ਰਿਟਾਇਰ ਹੋਏ ਤੇ 2012 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸੀ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਸੁਰੇਸ਼ ਖਜੂਰੀਆ 40 ਸਾਲ ਤੋਂ ਫੌਜ 'ਚ ਸੀ। 2012 'ਚ ਉਨ੍ਹਾਂ ਨੇ ਪਾਰਟੀ ਜੁਆਇਨ ਕੀਤੀ। ਪਹਿਲਾਂ ਪਰਦੇ ਪਿੱਛੇ ਸੀ ਹੁਣ ਅੱਗੇ ਆਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਬੀਜੇਪੀ ਨੇ ਕਾਲਾ ਧਨ ਤੇ ਸਵਾਮੀਨਾਥਨ ਲਾਗੂ ਕਰਨ ਬਾਰੇ ਕਿਹਾ ਸੀ, ਉਹ ਪੂਰਾ ਨਹੀਂ ਹੋਇਆ। ਆਮ ਆਦਮੀ ਪਾਰਟੀ ਦੋਵਾਂ ਪਾਰਟੀਆਂ ਦੀ ਵਾਅਦਾਖਿਲਾਫੀ ਲੋਕਾਂ ਦੇ ਸਾਹਮਣੇ ਲੈ ਕੇ ਜਾਵੇਗੀ।