ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਮੁੜ ਵਿਵਾਦ ਵਿੱਚ ਘਿਰ ਗਈ ਹੈ। ਹੁਣ ਉਨ੍ਹਾਂ ਦੀ ਦੋਹਰੀ ਵੋਟ ਦੇ ਮਾਮਲੇ ’ਤੇ ਤੀਜੀ ਵਾਰ ਉਂਗਲ ਉੱਠੀ ਹੈ। ਇਹ ਮਾਮਲਾ ਵਿਧਾਨ ਸਭਾ ਚੋਣਾਂ ਵੇਲੇ ਵੀ ਉਠਿਆ ਸੀ। ਉਸ ਵੇਲੇ ਇਸ ਮਾਮਲੇ ਵੱਕ ਕੋਈ ਬਹੁਤੀ ਤਵੱਜੋਂ ਨਹੀਂ ਦਿੱਤੀ ਗਈ। ਹੁਣ ਹਰਮਿਲਾਪ ਸਿੰਘ ਗਰੇਵਾਲ ਨਾਂ ਦੇ ਸ਼ਖਸ ਨੇ ਆਰ.ਟੀ.ਆਈ. ਰਾਹੀਂ ਵਿਧਾਇਕਾ ਦੀ ਦੋਹਰੀ ਵੋਟ ਦੇ ਮਾਮਲੇ ਵਿੱਚ ਤੱਥ ਇਕੱਠੇ ਕੀਤੇ ਹਨ। ਉਨ੍ਹਾਂ ਚੋਣ ਕਮਿਸ਼ਨ ਤੇ ਭਾਰਤ ਸਰਕਾਰ ਨੂੰ ਇਹ ਤੱਥ ਭੇਜ ਕੇ ਬਲਜਿੰਦਰ ਕੌਰ ਖ਼ਿਲਾਫ਼ ਕਾਰਵਾਈ ਮੰਗੀ ਹੈ।
ਬਠਿੰਡਾ ਦੇ ਆਰਟੀਆਈ ਕਾਰਕੁਨ ਹਰਮਿਲਾਪ ਸਿੰਘ ਗਰੇਵਾਲ ਨੇ ਕਿਹਾ ਕਿ ਪ੍ਰੋ. ਬਲਜਿੰਦਰ ਕੌਰ ਪੁੱਤਰੀ ਦਰਸ਼ਨ ਸਿੰਘ ਵਾਸੀ ਜਗ੍ਹਾ ਰਾਮ ਤੀਰਥ ਦੇ ਨਾਮ ’ਤੇ ਵੋਟ ਜੋ ਬਣੀ ਹੋਈ ਹੈ, ਉਸ ’ਤੇ ਹੀ ਪ੍ਰੋ. ਬਲਜਿੰਦਰ ਕੌਰ ਨੇ ਚੋਣ ਲੜੀ ਹੈ, ਜਦੋਂਕਿ ਪ੍ਲਜਿੰਦਰ ਕੌਰ ਨੂੰ 1997 ਵਿੱਚ ਅਮਰਜੀਤ ਸਿੰਘ ਨੇ ਕਾਨੂੰਨੀ ਤੌਰ ’ਤੇ ਗੋਦ ਲੈ ਲਿਆ ਸੀ। ਉਨ੍ਹਾਂ ਦੀ ਇੱਕ ਵੋਟ ਬਲਜਿੰਦਰ ਕੌਰ ਪੁੱਤਰੀ ਅਮਰਜੀਤ ਸਿੰਘ ਦੇ ਨਾਮ ’ਤੇ ਬਣੀ ਹੋਈ ਸੀ। 2015 ਵਿੱਚ ਵੋਟਾਂ ਦੀ ਸੁਧਾਈ ਮੌਕੇ ਪ੍ਰੋ. ਬਲਜਿੰਦਰ ਕੌਰ ਪੁੱਤਰੀ ਅਮਰਜੀਤ ਸਿੰਘ ਵਾਲੀ ਵੋਟ ਨੂੰ ਖ਼ਾਰਜ ਕਰ ਦਿੱਤਾ ਗਿਆ, ਜਿਸ ਕਰਕੇ ਉਨ੍ਹਾਂ ਪ੍ਰੋ. ਬਲਜਿੰਦਰ ਕੌਰ ਪੁੱਤਰੀ ਦਰਸ਼ਨ ਸਿੰਘ ਦੇ ਨਾਮ ’ਤੇ ਪੰਜਾਬ ਚੋਣਾਂ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ।
ਤਾਜ਼ਾ ਸ਼ਿਕਾਇਤ ਵਿੱਚ ਸ੍ਰੀ ਗਰੇਵਾਲ ਨੇ ਆਖਿਆ ਹੈ ਕਿ ਵਿਧਾਇਕਾ ਨੇ ਆਪਣੇ ਆਪ ਨੂੰ ਦਰਸ਼ਨ ਸਿੰਘ ਦੀ ਪੁੱਤਰੀ ਦੱਸ ਕੇ ਪਛਾਣ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਦੋਂਕਿ ਅਮਰਜੀਤ ਸਿੰਘ ਨੇ ਉਸ ਨੂੰ 21 ਅਪਰੈਲ, 1997 ਵਿੱਚ ਰਜਿਸਟਰਡ ਗੋਦਨਾਮੇ ਨਾਲ ਗੋਦ ਲਿਆ ਹੋਇਆ ਹੈ। ਡਿਪਟੀ ਕਮਿਸ਼ਨਰ ਕੋਲ ਨਿਰਭਰਤਾ ਸਰਟੀਫਿਕੇਟ ਲਈ 29 ਜਨਵਰੀ, 2002 ਨੂੰ ਦਿੱਤੀ ਦਰਖ਼ਾਸਤ ਵਿੱਚ ਵੀ ਉਸ ਨੇ ਆਪਣੇ ਪਿਤਾ ਦਾ ਨਾਮ ਅਮਰਜੀਤ ਸਿੰਘ ਲਿਖਿਆ ਹੈ। ਗਰੇਵਾਲ ਨੇ ਆਖਿਆ ਕਿ ਹਿੰਦੂ ਐਕਟ ਅਨੁਸਾਰ ਗੋਦ ਲਏ ਜਾਣ ਮਗਰੋਂ ਕੋਈ ਵੀ ਬੱਚਾ ਆਪਣੇ ਪੁਰਾਣੇ ਮਾਪਿਆਂ ਕੋਲ ਵਾਪਸ ਨਹੀਂ ਆ ਸਕਦਾ ਹੈ।
ਉਧਰ ਪ੍ਰੋ. ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋਹਰੀ ਵੋਟ ਨਹੀਂ ਬਣਾਈ ਤੇ ਇਸ ਮਾਮਲੇ ਦੀ ਪਹਿਲਾਂ ਚੋਣ ਕਮਿਸ਼ਨ ਵੱਲੋਂ ਪੜਤਾਲ ਹੋ ਚੁੱਕੀ ਹੈ, ਜਿਸ ਵਿੱਚ ਕੁਝ ਗ਼ਲਤ ਨਹੀਂ ਮਿਲਿਆ। ਉਨ੍ਹਾਂ ਆਖਿਆ ਕਿ ਸ਼ਿਕਾਇਤ ਕਰਨ ਵਾਲਾ ਕੋਈ ਵੀ ਵਿਅਕਤੀ ਵਿਸ਼ੇਸ਼ ਚੋਣ ਕਮਿਸ਼ਨ ਤੋਂ ਉਪਰ ਨਹੀਂ ਹੋ ਸਕਦਾ। ਉਹ ਚੋਣ ਕਮਿਸ਼ਨ ਤੇ ਹਲਕੇ ਦੇ ਲੋਕਾਂ ਨੂੰ ਜੁਆਬਦੇਹ ਹਨ, ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀਂ।