Punjab Health Services: ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਸੂਬੇ ਦੀ ਸਿਹਤ ਪ੍ਰਣਾਲੀ ਨੂੰ ਬੁਰੀ ਤਰਾਂ ਨਾਲ ਨੁਕਸਾਨ ਪਹੁੰਚਾਉਣ ਲਈ ਤਿੱਖੀ ਆਲੋਚਨਾ ਕੀਤੀ ਹੈ।


ਬਾਜਵਾ ਨੇ ਇੱਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬਠਿੰਡਾ ਵਿਚ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿਚ ਸਰਕਾਰੀ ਹਸਪਤਾਲਾਂ ਵਿਚ ਤਾਇਨਾਤ 6 ਡਾਕਟਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣੇ ਅਹੁਦਿਆਂ ਨੂੰ ਛੱਡਣ ਦੇ ਪਰਿਵਾਰਕ ਕਾਰਨ ਦੱਸੇ। ਹਾਲਾਂਕਿ, ਖ਼ਬਰ ਵਿੱਚ ਕੁਝ ਸਰੋਤਾਂ ਦਾ ਹਵਾਲਾ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਕਈ ਡਾਕਟਰ ਸਰਕਾਰੀ ਪ੍ਰਣਾਲੀ ਵਿੱਚ ਬੋਝ ਹੇਠ ਕੰਮ ਕਰ ਰਹੇ ਹਨ।


ਪੰਜਾਬ ਦੀ ਸਿਹਤ ਪ੍ਰਣਾਲੀ ਦੀ ਮਾੜੀ ਹਾਲਤ ਪੇਸ਼ ਕਰਦਿਆਂ ਇੱਕ ਹੋਰ ਖ਼ਬਰ ਵਿਚ ਕਿਹਾ ਗਿਆ ਹੈ ਕਿ ਫ਼ਿਰੋਜ਼ਪੁਰ ਅਤੇ ਜ਼ੀਰਾ ਸਬ-ਡਵੀਜ਼ਨਾਂ ਵਿਚ ਡਾਕਟਰਾਂ ਦੀਆਂ 121 ਮਨਜ਼ੂਰਸ਼ੁਦਾ ਅਸਾਮੀਆਂ ਵਿਚੋਂ  ਐਸਐਮਓ ਦੀਆਂ ਅਸਾਮੀਆਂ ਸਮੇਤ 56 ਖ਼ਾਲੀ ਪਈਆਂ ਹਨ। ਇਸੇ ਤਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਵਿੱਚ ਮੈਡੀਕਲ ਅਫ਼ਸਰ ਦੀਆਂ 117 ਅਸਾਮੀਆਂ ਵਿੱਚੋਂ 85 ਅਸਾਮੀਆਂ ਖ਼ਾਲੀ ਪਈਆਂ ਹਨ।


ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰਾਲੇ ਅਤੇ ਪੰਜਾਬ ਦੀ 'ਆਪ' ਸਰਕਾਰ ਵਿਚਾਲੇ ਚੱਲ ਰਹੇ ਮਸਲੇ ਕਾਰਨ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਸਿਹਤ ਮਿਸ਼ਨ ਤਹਿਤ 650 ਰੁਪਏ ਜਾਰੀ ਨਹੀਂ ਕੀਤੇ ਗਏ ਹਨ।


ਉਨ੍ਹਾਂ ਕਿਹਾ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ। ਇਸ ਦੇ ਉਲਟ ਜਦੋਂ ਤੋਂ 'ਆਪ' ਨੇ ਪੰਜਾਬ 'ਚ ਸੱਤਾ ਹਾਸਲ ਕੀਤੀ ਹੈ, ਉਦੋਂ ਤੋਂ ਸਿਹਤ ਸੇਵਾਵਾਂ ਖ਼ਰਾਬ ਹੋ ਗਈਆਂ ਹਨ। ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸ਼ਾਸਨ ਕਾਲ ਦੌਰਾਨ ਪੰਜਾਬ ਵਿੱਚ ਸਿਹਤ ਸੇਵਾਵਾਂ ਬੁਰੀ ਤਰਾਂ ਟੁੱਟ ਗਈਆਂ ਹਨ।


ਬਾਜਵਾ ਨੇ ਕਿਹਾ ਕਿ ਝਾੜੂ ਪਾਰਟੀ ਨੇ ਦਵਾਈਆਂ, ਅਪਰੇਸ਼ਨ ਅਤੇ ਟੈੱਸਟ ਮੁਫ਼ਤ ਦੇਣ ਦੀ ਗਰੰਟੀ ਵੀ ਦਿੱਤੀ ਸੀ। ਇਸ ਨੇ ਸਾਰੇ ਨਾਗਰਿਕਾਂ ਲਈ ਸਿਹਤ ਕਾਰਡ ਬਣਾਉਣ ਦਾ ਵਾਅਦਾ ਵੀ ਕੀਤਾ। ਇਹ ਸਭ ਕਦੋਂ ਹੋਵੇਗਾ? ਆਪਣੀ ਧੱਕੇਸ਼ਾਹੀ ਚਲਾਉਣ ਲਈ  'ਆਪ' ਸਰਕਾਰ ਨੇ ਸੁਚਾਰੂ ਢੰਗ ਨਾਲ ਚੱਲ ਰਹੇ ਕਮਿਊਨਿਟੀ ਹੈਲਥ ਸੈਂਟਰਾਂ ਅਤੇ ਪੇਂਡੂ ਡਿਸਪੈਂਸਰੀਆਂ ਨੂੰ ਤਬਾਹ ਕਰ ਦਿੱਤਾ ਅਤੇ ਉਨ੍ਹਾਂ ਨੂੰ ਆਮ ਆਦਮੀ ਕਲੀਨਿਕਾਂ ਵਿੱਚ ਤਬਦੀਲ ਕਰ ਦਿੱਤਾ।