ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਬਾਗੀ ਸੁਖਪਾਲ ਖਹਿਰਾ ਧੜੇ ਲਈ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਹਨ। ਸੋਮਵਾਰ ਨੂੰ ਸੁਖਪਾਲ ਖਹਿਰਾ ਧੜੇ ਦੇ ਫੈਸਲਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪਲਟਵਾਂ ਵਾਰ ਕੀਤਾ ਹੈ। ਆਮ ਆਦਮੀ ਪਾਰਟੀ ਨੇ ਖਹਿਰਾ ਧੜੇ ਵੱਲ਼ੋਂ ਕਾਨੂੰਨੀ ਨੋਟਿਸ ਦੇਣ ਦੇ ਫੈਸਲੇ ਨੂੰ ਬੇਬੁਨਿਆਦ ਦੱਸਿਆ ਹੈ।
ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਉਹ ਕੌਣ ਹੁੰਦੇ ਹਨ ਸਾਨੂੰ ਨੋਟਿਸ ਦੇਣ ਵਾਲੇ ਕਿਉਂਕਿ ਖਹਿਰਾ ਧੜਾ ਤਾਂ ਖੁਦ ਹੀ ਪਾਰਟੀ ਵਿਰੁੱਧ ਬਾਗੀ ਕਾਰਵਾਈਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਬੁਖਲਾਹਟ ਵਿੱਚ ਆ ਗਏ ਜਾਪਦੇ ਹਨ ਤੇ ਉਨ੍ਹਾਂ ਦੇ ਧੜੇ ਨੂੰ ਅਜਿਹਾ ਕਰਨ ਦਾ ਕੋਈ ਹੱਕ ਨਹੀਂ।
ਬੁੱਧ ਰਾਮ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੀ ਕੋਰ ਕਮੇਟੀ ਨੇ ਖਹਿਰਾ ਤੇ ਕੰਵਰ ਸੰਧੂ ਨੂੰ ਪਾਰਟੀ ਵਿੱਚੋਂ ਮੁਅੱਤਲ ਕਰਨ ਦੀ ਕੇਂਦਰੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਨੂੰ ਸਿਫਾਰਸ਼ ਕੀਤੀ ਸੀ। ਪੀਏਸੀ ਵੱਲੋਂ ਬਾਅਦ ਵਿੱਚ ਇਨ੍ਹਾਂ ਦੋਵਾਂ ਵਿਧਾਇਕਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ ਹੈ। ਇਸ ਲਈ ਖਹਿਰਾ ਧੜਾ ਇਸ ਨੂੰ ਚੁਣੌਤੀ ਨਹੀਂ ਦੇ ਸਕਦਾ।
ਕਾਬਲੇਗੌਰ ਹੈ ਕਿ ਸੌਮਵਾਰ ਨੂੰ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨੇ ਆਪਣੀ ਮੁਅੱਤਲੀ ਵਿਰੁੱਧ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਤੇ 22 ਮੈਂਬਰਾਂ ਨੂੰ ਕਾਰਨ ਦੱਸੋ ਨੋਟਿਸ ਦੇਣ ਦਾ ਐਲਾਨ ਕੀਤਾ ਸੀ। ਖਹਿਰਾ ਧੜੇ ਨੇ ਇਲਜ਼ਾਮ ਲਾਇਆ ਸੀ ਕਿ ਪਾਰਟੀ ਵੱਲੋਂ ਖਹਿਰਾ ਤੇ ਸੰਧੂ ਨੂੰ ਗੈਰ-ਸੰਵਿਧਾਨਕ ਢੰਗ ਨਾਲ ਮੁਅੱਤਲ ਕੀਤਾ ਗਿਆ ਹੈ।
ਉਨ੍ਹਾਂ ਐਲਾਨ ਕੀਤਾ ਸੀ ਕਿ ਜਲਦ ਹੀ ਅਨੁਸਾਸ਼ਨੀ ਕਮੇਟੀ ਕੋਰ ਕਮੇਟੀ ਦੇ ਚੇਅਰਮੈਨ ਬੁੱਧ ਰਾਮ ਸਮੇਤ 22 ਮੈਂਬਰਾਂ ਨੂੰ ਨੋਟਿਸ ਦੇ ਕੇ ਗੈਰ-ਕਾਨੂੰਨੀ ਢੰਗ ਨਾਲ ਕੀਤੀਆਂ ਮੁਅੱਤਲੀਆਂ ਉਪਰ ਜਵਾਬਤਲਬੀ ਮੰਗੇਗੀ। ਉਨ੍ਹਾਂ ਕਿਹਾ ਕਿ ਜੇ ਕੋਰ ਕਮੇਟੀ ਨੇ ਇਸ ਲਈ ਮੁਆਫੀ ਨਾ ਮੰਗੀ ਤਾਂ ਉਹ ਇਨ੍ਹਾਂ ਸਾਰਿਆਂ ਵਿਰੁੱਧ ਅਨੁਸਾਸ਼ਨੀ ਕਾਰਵਾਈ ਕਰਨਗੇ।