ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਕੋਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਪੰਜਾਬ ਸਰਕਾਰ ਵੱਲੋਂ ਬਿਜਲੀ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਦੇ ਮਨ 'ਚ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਪ੍ਰਤੀ ਕੋਈ ਦਰਦ ਹੁੰਦਾ ਤਾਂ ਉਹ ਤੇਲ ਤੇ ਕੋਇਲੇ ਦੀਆਂ ਕੀਮਤਾਂ 'ਚ ਵਾਧੇ ਦੀ ਪੂਰਤੀ ਲਈ ਬਿਜਲੀ ਖਪਤਕਾਰਾਂ ਉੱਤੇ ਫਿਊਲ ਕਾਸਟ ਐਡਜਸਟਮੈਂਟ (ਐਫਸੀਏ) ਦੇ ਨਾਂ 'ਤੇ ਪ੍ਰਤੀ ਯੁਨਿਟ 12 ਪੈਸਿਆਂ ਦਾ ਹੋਰ ਭਾਰ ਪਾਉਣ ਦੀ ਥਾਂ, ਇਹ 'ਐਡਜਸਟਮੈਂਟ' ਡੀਜ਼ਲ-ਪੈਟਰੋਲ 'ਚੋਂ ਵਸੂਲੇ ਜਾਂਦੇ ਸੂਬਾ ਟੈਕਸ (ਵੈਟ) ਵਿਚੋਂ ਕਰਦੇ।

ਉਨ੍ਹਾਂ ਕਿਹਾ ਕਿ ਆਪਣੇ 20 ਮਹੀਨਿਆਂ ਦੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ 'ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਪਰ ਬਿਜਲੀ 4-5 ਵਾਰ ਮਹਿੰਗੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਸੇਧ ਲੈਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਮਹਿੰਗਾਈ ਪਹਿਲਾਂ ਹੀ ਬਰਦਾਸ਼ਤ ਤੋਂ ਬਾਹਰ ਹੋ ਚੁੱਕੀ ਹੈ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਸਰਕਾਰ ਹਰ ਤਿਮਾਹੀ ਬਿਜਲੀ ਮਹਿੰਗੀ ਕਰ ਕੇ ਤੇ ਮੋਦੀ ਸਰਕਾਰ ਹਰ ਰੋਜ਼ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਚੜ੍ਹਾ ਕੇ ਬਲ਼ਦੀ ਅੱਗ 'ਤੇ ਤੇਲ ਪਾ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸੂਬੇ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਵਾਧੇ ਦਾ ਐਲਾਨ ਕਰ ਦਿੱਤਾ ਹੈ। ਪਾਵਰਕੌਮ ਮੁਤਾਬਕ ਉਨ੍ਹਾਂ ਨੂੰ ਲਾਗਤ ਖ਼ਰਚ ਪੂਰੇ ਕਰਨ ਲਈ ਫ਼ਿਊਲ ਸਰਚਾਰਜ ਲਾਉਣਾ ਪਿਆ ਹੈ। ਵਧੀਆਂ ਦਰਾਂ ਅਪ੍ਰੈਲ 2018 ਤੋਂ ਲਾਗੂ ਕੀਤੀਆਂ ਜਾਣਗੀਆਂ।