ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਬੁਲਾਰੇ ਅਤੇ ਵਿਧਾਇਕਾਂ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਹੈ ਕਿ ਦਿਨ ਪ੍ਰਤੀ ਦਿਨ ਨਸ਼ਿਆਂ ਦੀ ਓਵਰ ਡੋਜ਼ ਨਾਲ ਮੌਤਾਂ ਅਤੇ ਐਚਆਈਵੀ ਪਾਜ਼ਿਟਿਵ (ਏਡਜ਼) ਦੇ ਕੇਸਾਂ ਦੀ ਵਧ ਰਹੀ ਗਿਣਤੀ ਵੱਡੀ ਚਿੰਤਾ ਦਾ ਵਿਸ਼ਾ ਹੈ, ਅਜਿਹੇ ਨਾਜ਼ੁਕ ਅਤੇ ਡਰਾਉਣੇ ਹਲਾਤਾਂ 'ਚ 'ਆਪ' ਨੂੰ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਐਸਟੀਐਫ ਤੋਂ ਹੀ ਉਮੀਦਾਂ ਹਨ, ਕਿਉਂਕਿ ਪਿਛਲੇ ਢਾਈ ਸਾਲਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਬਾਕੀ ਵਾਅਦਿਆਂ ਵਾਂਗ ਨਸ਼ਿਆਂ ਨੂੰ ਜੜ੍ਹੋਂ ਪੁੱਟਣ 'ਚ ਬੁਰੀ ਤਰ੍ਹਾਂ ਫਲਾਪ ਅਤੇ ਕਮਜ਼ੋਰ ਮੁੱਖ ਮੰਤਰੀ ਸਾਬਤ ਹੋਏ ਹਨ।
ਸੰਧਵਾਂ ਨੇ ਕਿਹਾ ਕਿ ਜੇਕਰ ਐਸਟੀਐਫ ਨਸ਼ਾ ਮਾਫ਼ੀਆ ਨੂੰ ਹੱਥ ਪਾ ਕੇ ਤਸਕਰ-ਰੇਖਾ ਨੂੰ ਹੇਠ ਤੋਂ ਉੱਪਰ ਤੱਕ ਕੁਚਲ ਦੇਣ ਦੀ ਦਲੇਰੀ ਅਤੇ ਦ੍ਰਿੜ੍ਹ ਇਰਾਦਾ ਰੱਖ ਕੇ ਕੰਮ ਕਰਦੀ ਹੈ ਤਾਂ 'ਆਪ' ਇਸ ਸਾਂਝੀ ਜੰਗ 'ਚ ਹਰ ਸੰਭਵ ਸਹਿਯੋਗ ਦੇਵੇਗੀ। ਅਰਥਾਤ ਐਸਟੀਐਫ ਵੱਲੋਂ ਉਜਾਗਰ ਕੀਤੇ ਵੱਡੇ ਤੋਂ ਵੱਡੇ ਮਗਰਮੱਛਾਂ 'ਤੇ ਮਿਸਾਲੀਆ ਕਾਰਵਾਈ ਲਈ ਕੈਪਟਨ ਸਰਕਾਰ ਦੇ ਨੱਕ 'ਚ ਦਮ ਕਰ ਦਿਆਂਗੇ।
ਪ੍ਰੋ. ਬਲਜਿੰਦਰ ਕੌਰ ਨੇ ਸੂਬਾ ਪੱਧਰ 'ਤੇ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਨੂੰ ਦੇਰ ਨਾਲ ਲਿਆ ਦਰੁਸਤ ਕਦਮ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਯਕੀਨੀ ਬਣਾਉਣਾ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਦੀ ਨੈਤਿਕ ਡਿਊਟੀ ਹੈ ਕਿ ਜਿੱਥੇ ਇੱਕ ਵੀ ਬੇਕਸੂਰ, ਬਲੈਕਮੇਲਿੰਗ, ਨਿੱਜੀ ਸਿਆਸੀ ਬਦਲੇਖ਼ੋਰੀ ਅਤੇ ਰਿਸ਼ਵਤਖ਼ੋਰੀ ਦਾ ਸ਼ਿਕਾਰ ਨਾ ਬਣੇ, ਉੱਥੇ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡਾ ਨਸ਼ਾ ਤਸਕਰ ਬਖ਼ਸ਼ਿਆ ਨਾ ਜਾਵੇ।
ਪ੍ਰੋ. ਬਲਜਿੰਦਰ ਕੌਰ ਨੇ ਪੁਲਿਸ ਅਤੇ ਹੋਰ ਸਰਕਾਰੀ ਏਜੰਸੀਆਂ ਵੱਲੋਂ ਜ਼ਬਤ ਕੀਤੇ ਜਾ ਰਹੇ ਨਸ਼ੇ ਨੂੰ ਕਾਨੂੰਨੀ ਕਾਰਵਾਈ ਲਈ ਮਾਮੂਲੀ ਮਾਤਰਾ 'ਚ ਮਾਲਖ਼ਾਨੇ ਜਮਾਂ ਕਰਵਾ ਕੇ ਬਾਕੀ ਵੱਡੀਆਂ ਖੇਪਾਂ ਜਨਤਕ ਤੌਰ 'ਤੇ ਨਸ਼ਟ ਕਰਨ ਦੀ ਵੀ ਮੰਗ ਕੀਤੀ ਤਾਂ ਕਿ ਉੱਚ ਪੱਧਰੀ ਮਿਲੀਭੁਗਤ ਨਾਲ ਇਹੋ ਨਸ਼ਾ ਦੁਬਾਰਾ ਸਪਲਾਈ ਲਾਇਨ 'ਚ ਨਾ ਜਾਵੇ।