ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਕਰਨ ਤੋਂ ਬਾਅਦ ਸਾਬਕਾ ਮੰਤਰੀ ਨੇ ਆਪਣੀ ਸਰਕਾਰੀ ਰਿਹਾਇਸ਼ ਛੱਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕੈਪਟਨ ਨੇ ਅੱਜ ਹੀ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਕਰ ਰਾਜਪਾਲ ਨੂੰ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਸਿੱਧੂ ਨੇ ਵੀ ਮੰਤਰੀ ਨੂੰ ਮਿਲਣ ਵਾਲੇ ਹੱਕ ਛੱਡਣੇ ਸ਼ੁਰੂ ਕਰ ਦਿੱਤੇ ਹਨ।


ਸਿੱਧੂ ਦੀ ਸਰਕਾਰੀ ਰਿਹਾਇਸ਼ ਵਿੱਚ ਸਾਮਾਨ ਲਿਜਾਣ ਲਈ ਗੱਡੀ ਵੀ ਪਹੁੰਚ ਚੁੱਕੀ ਹੈ ਤਾਂ ਜੋ ਉਨ੍ਹਾਂ ਦਾ ਨਿੱਜੀ ਸਾਮਾਨ ਹੈ ਸ਼ਿਫਟ ਕੀਤਾ ਜਾ ਸਕੇ। ਸਿੱਧੂ ਦੇ ਮੰਤਰੀ ਨਾ ਰਹਿਣ 'ਤੇ ਹੁਣ ਇਹ ਕੋਠੀ ਕਿਸੇ ਹੋਰ ਕੈਬਨਿਟ ਮੰਤਰੀ ਨੂੰ ਅਲਾਟ ਹੋ ਜਾਵੇਗੀ।

ਹਾਲਾਂਕਿ ਸਰਕਾਰ ਵੱਲੋਂ ਦਿੱਤੀ ਗਈ ਕੋਠੀ ਵਿੱਚ ਸਮਾਨ ਵੀ ਸਰਕਾਰੀ ਹੁੰਦਾ ਹੈ, ਪਰ ਮੰਤਰੀਆਂ ਦਾ ਨਿੱਜੀ ਸਾਮਾਨ ਵੀ ਉਸ ਵਿੱਚ ਰੱਖਿਆ ਹੁੰਦਾ ਹੈ। ਮੰਤਰੀ ਦੀ ਕੁਰਸੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸਰਕਾਰੀ ਕੋਠੀ ਤੋਂ ਅਲਵਿਦਾ ਕਹਿਣ ਦੀ ਤਿਆਰੀ ਕਰ ਲਈ ਹੈ।