ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋਣ ਮਗਰੋਂ ਧਰਮਸੋਤ ਦਾ ਵੱਡਾ ਬਿਆਨ
ਏਬੀਪੀ ਸਾਂਝਾ | 20 Jul 2019 01:11 PM (IST)
ਧਰਮਸੋਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਅਸਤੀਫੇ ਤੋਂ ਬਾਅਦ ਉਸ ਦੀ ਉਡੀਕ ਕੀਤੀ, ਪਰ ਸਿੱਧੂ ਨੇ ਪੱਕਾ ਮਨ ਬਣਾ ਲਿਆ ਸੀ। ਇਸ ਲਈ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰਨਾ ਪਿਆ ਤਾਂ ਕਿ ਮਹਿਕਮੇ ਦੇ ਕੰਮ 'ਤੇ ਕੋਈ ਅਸਰ ਨਾ ਪਵੇ।
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਕਰਨ ਤੋਂ ਬਾਅਦ ਸਿਆਸੀ ਚਰਚਾ ਨੇ ਜ਼ੋਰ ਫੜ ਲਿਆ ਹੈ। ਇਸ ਮਾਮਲੇ ਬਾਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੈਪਟਨ ਨੂੰ ਸਹੀ ਕਰਾਰ ਦਿੰਦਿਆਂ ਸਿੱਧੂ ਨੂੰ ਜ਼ਿੱਦੀ ਦੱਸਿਆ। ਪੱਤਰਕਾਰਾਂ ਦਾ ਜਵਾਬ ਦਿੰਦੇ ਹੋਏ ਧਰਮਸੋਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਅਸਤੀਫੇ ਤੋਂ ਬਾਅਦ ਉਸ ਦੀ ਉਡੀਕ ਕੀਤੀ, ਪਰ ਸਿੱਧੂ ਨੇ ਪੱਕਾ ਮਨ ਬਣਾ ਲਿਆ ਸੀ। ਇਸ ਲਈ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰਨਾ ਪਿਆ ਤਾਂ ਕਿ ਮਹਿਕਮੇ ਦੇ ਕੰਮ 'ਤੇ ਕੋਈ ਅਸਰ ਨਾ ਪਵੇ। ਇਹ ਪੁੱਛੇ ਜਾਣ ਤੇ ਕਿ ਮੁੱਖ ਮੰਤਰੀ ਨੇ ਖੁਦ ਕਿਹਾ ਸੀ ਕਿ ਸਿੱਧੂ ਨੇ ਕੇਵਲ ਇੱਕ ਲਾਈਨ ਦਾ ਹੀ ਅਸਤੀਫਾ ਦਿੱਤਾ ਹੈ ਤਾਂ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਅਸਤੀਫ਼ਾ ਤਾਂ ਅਸਤੀਫ਼ਾ ਹੈ ਉਹ ਭਾਵੇਂ ਇੱਕ ਸਤਰ ਦਾ ਹੀ ਕਿਉਂ ਨਾ ਹੋਵੇ। ਜ਼ਿਕਰਯੋਗ ਹੈ ਕਿ ਸਿੱਧੂ ਨੇ ਬੀਤੀ 10 ਜੂਨ ਨੂੰ ਕੈਬਨਿਟ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਸੀ ਅਤੇ 15 ਜੁਲਾਈ ਨੂੰ ਅਸਤੀਫ਼ਾ ਮੁੱਖ ਮੰਤਰੀ ਨੂੰ ਭੇਜ ਦਿੱਤਾ ਸੀ। ਇਸ ਤੋਂ ਪੰਜ ਦਿਨ ਬਾਅਦ ਕੈਪਟਨ ਨੇ ਸਿੱਧੂ ਦੇ ਅਸਤੀਫ਼ੇ ਨੂੰ ਪ੍ਰਵਾਨ ਕਰ ਲਿਆ ਹੈ।