ਕੈਪਟਨ ਅਤੇ ਸਿੱਧੂ ਦਰਮਿਆਨ ਲੰਮੇ ਸਮੇਂ ਤੋਂ ਜਾਰੀ ਖਿੱਚੋਤਾਣ ਤੋਂ ਬਾਅਦ ਅੱਜ ਮੁੱਖ ਮੰਤਰੀ ਨੇ ਕੌੌੜਾ ਘੁੱਟ ਭਰ ਆਪਣੀ ਪਾਰਟੀ ਦੇ ਸਭ ਤੋਂ ਸਿਰਕੱਢ ਨੇਤਾ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਦੋਵਾਂ ਦੇ ਰਿਸ਼ਤਿਆਂ ਵਿੱਚ ਖਟਾਸ ਲੋਕ ਸਭਾ ਚੋਣਾਂ ਤੋਂ ਬਾਅਦ ਕਾਫੀ ਵੱਧ ਗਈ ਸੀ। ਕੈਪਟਨ ਨੇ ਸਿੱਧੂ 'ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਵਿਭਾਗ ਦੀ ਨਾਕਾਮੀ ਕਰਕੇ ਹੀ ਕਾਂਗਰਸ ਸ਼ਹਿਰੀ ਸੀਟਾਂ 'ਤੇ ਹਾਰੀ ਹੈ। ਇਸ ਤੋਂ ਬਾਅਦ ਸਿੱਧੂ ਨੇ ਸਰਕਾਰ ਤੋਂ ਕਿਨਾਰਾ ਕਰ ਲਿਆ ਸੀ ਅਤੇ ਫਿਰ ਮੁੱਖ ਮੰਤਰੀ ਨੇ ਬੀਤੀ ਛੇ ਜੂਨ ਨੂੰ ਕੈਬਨਿਟ ਦੀ ਰੱਦੋ-ਬਦਲ ਕਰ ਦਿੱਤੀ ਜਿਸ ਵਿੱਚ ਸਿੱਧੂ ਤੋਂ ਉਨ੍ਹਾਂ ਦਾ ਪੁਰਾਣਾ ਵਿਭਾਗ ਖੋਹ ਕੇ ਬਿਜਲੀ ਮਹਿਕਮਾ ਸੌਂਪਿਆ ਗਿਆ ਸੀ।
ਕੈਪਟਨ ਦੀ ਇਸ ਕਾਰਵਾਈ 'ਤੇ ਸਿੱਧੂ ਖਾਸੇ ਨਾਰਾਜ਼ ਹੋ ਗਏ ਅਤੇ ਬੀਤੀ 10 ਜੂਨ ਨੂੰ ਪਾਰਟੀ ਹਾਈਕਮਾਨ ਕੋਲ ਆਪਣੇ ਵਿਭਾਗ ਦੀ ਕਾਰਗੁਜ਼ਾਰੀ ਪੇਸ਼ ਕੀਤੀ ਸੀ ਅਤੇ ਨਾਲ ਹੀ ਆਪਣਾ ਅਸਤੀਫ਼ਾ ਵੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਸੀ। ਸਿੱਧੂ ਨੇ ਆਪਣੇ ਅਸਤੀਫ਼ੇ ਦਾ ਖੁਲਾਸਾ 14 ਜੁਲਾਈ ਨੂੰ ਖ਼ੁਦ ਆਪਣੇ ਸੋਸ਼ਲ ਮੀਡੀਆ ਰਾਹੀਂ ਕੀਤਾ ਸੀ। ਇਸ ਤੋਂ ਅਗਲੇ ਦਿਨ ਉਨ੍ਹਾਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਵੀ ਭਿਜਵਾ ਦਿੱਤਾ ਸੀ। ਇਸ ਦੌਰਾਨ ਸਿੱਧੂ ਨੇ ਆਪਣਾ ਨਵਾਂ ਵਿਭਾਗ ਨਹੀਂ ਸੰਭਾਲਿਆ ਜਿਸ ਕਾਰਨ ਮੁੱਖ ਮੰਤਰੀ ਦੇ ਖੇਮੇ ਵਿੱਚੋਂ ਉਨ੍ਹਾਂ 'ਤੇ ਲਗਾਤਾਰ ਸ਼ਬਦੀ ਹਮਲੇ ਜਾਰੀ ਸਨ।
ਹਾਲਾਂਕਿ, ਕੈਪਟਨ ਉਦੋਂ ਦਿੱਲੀ ਗਏ ਹੋਏ ਸਨ ਅਤੇ 17 ਜੁਲਾਈ ਨੂੰ ਵਾਪਸ ਪਰਤੇ। ਕੈਪਟਨ ਨੇ ਦਿੱਲੀ ਤੋਂ ਪਰਤਣ ਤੋਂ ਦੋ ਦਿਨ ਬਾਅਦ ਸਿੱਧੂ ਦੇ ਅਸਤੀਫ਼ੇ 'ਤੇ ਫੈਸਲਾ ਲਿਆ ਹੈ। ਨਵਜੋਤ ਸਿੱਧੂ ਨੇ ਵੀ ਬੀਤੇ ਦਿਨੀਂ ਦਿੱਲੀ ਦੌਰਾ ਕੀਤਾ ਹੈ ਅਤੇ ਉਨ੍ਹਾਂ ਪਾਰਟੀ ਨੇਤਾਵਾਂ ਨਾਲ ਵੀ ਗੱਲਬਾਤ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਦੇ ਸਟਾਰ ਪ੍ਰਚਾਰਕ ਤੋਂ ਮੰਤਰੀ ਦਾ ਅਹੁਦਾ ਖੁੱਸਣ ਤੋਂ ਬਾਅਦ ਕੀ ਨਵਾਂ ਅਹੁਦਾ ਮਿਲਦਾ ਹੈ ਜਾਂ ਇਹ ਕੈਪਟਨ ਅਮਰਿੰਦਰ ਸਿੰਘ ਨਾਲ ਮੱਥਾ ਲਾਉਣ ਦੀ ਉਨ੍ਹਾਂ ਨੂੰ ਸਜ਼ਾ ਬਣ ਕੇ ਰਹਿ ਜਾਂਦਾ ਹੈ।