Jalandhar By Poll: ਆਮ ਆਦਮੀ ਪਾਰਟੀ ਪੰਜਾਬ ਨੇ ਜਲੰਧਰ ਪੱਛਮੀ ਤੋਂ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ ਜਬਰੀ ਵਸੂਲੀ ਦੇ ਮਾਮਲੇ ਵਿੱਚ ਬੇਨਕਾਬ ਕੀਤਾ ਹੈ। ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਨੇ ਆਪਣੇ ਭਰਾ ਦੀ ਸ਼ਹਿ 'ਤੇ ਸੰਦੀਪ ਕੁਮਾਰ ਨਾਂ ਦੇ ਵਿਅਕਤੀ ਤੋਂ ਲੱਖਾਂ ਰੁਪਏ ਦੀ ਠੱਗੀ ਕੀਤੀ ਹੈ।
'ਆਪ' ਪੰਜਾਬ ਦੇ ਮੁੱਖ ਬੁਲਾਰੇ ਅਤੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਹਰ ਰੋਜ਼ ਅਜਿਹੇ ਲੋਕ ਸਾਹਮਣੇ ਆ ਰਹੇ ਹਨ, ਜੋ ਇਹ ਖੁਲਾਸਾ ਕਰ ਰਹੇ ਹਨ ਕਿ ਸ਼ੀਤਲ ਅੰਗੁਰਲ ਨੇ ਸਾਡੇ ਨਾਲ ਠੱਗੀ ਕੀਤੀ ਹੈ, ਸ਼ੀਤਲ ਅੰਗੁਰਲ ਨੇ ਸਾਡੇ ਕੋਲੋਂ ਪੈਸੇ ਵਸੂਲੇ, ਧੋਖਾਧੜੀ ਕੀਤੀ ਅਤੇ ਜੂਆ ਖੇਡਿਆ।
ਕੰਗ ਨੇ ਦੱਸਿਆ ਕਿ ਜਲੰਧਰ 'ਚ ਇਕ ਪਰਿਵਾਰ ਹੈ ਜਿਸ ਦਾ ਕੋਈ ਵਿਵਾਦ ਚੱਲ ਰਿਹਾ ਸੀ ਅਤੇ ਉਨ੍ਹਾਂ ਦਾ ਲੜਕਾ ਸੰਦੀਪ ਕੁਮਾਰ ਆਸਟ੍ਰੇਲੀਆ 'ਚ ਰਹਿੰਦਾ ਹੈ। ਕੁਝ ਮਹੀਨੇ ਪਹਿਲਾਂ ਇਹ ਮਾਮਲਾ ਥਾਣੇ ਪਹੁੰਚਿਆ ਤਾਂ ਸੰਦੀਪ ਕੁਮਾਰ ਨੇ ਤਤਕਾਲੀ ਵਿਧਾਇਕ ਸ਼ੀਤਲ ਅੰਗੁਰਾਲ ਕੋਲ ਵਿਚੋਲਾ ਬਣਨ ਅਤੇ ਮਾਮਲੇ ਨੂੰ ਸੁਲਝਾਉਣ ਲਈ ਉਸ ਦੇ ਪਰਿਵਾਰ ਦੀ ਮਦਦ ਕਰਨ ਲਈ ਪਹੁੰਚ ਕੀਤੀ।
ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਸੰਦੀਪ ਕੁਮਾਰ ਤੋਂ 5 ਲੱਖ 20 ਹਜ਼ਾਰ ਰੁਪਏ ਲਏ ਸਨ। ਉਨ੍ਹਾਂ ਦੱਸਿਆ ਕਿ ਸੰਦੀਪ ਕੋਲ ਰਾਜਨ ਅੰਗੁਰਾਲ ਦੀ ਪੈਸੇ ਮੰਗਣ ਦੀ ਰਿਕਾਰਡਿੰਗ ਹੈ।
ਕੰਗ ਨੇ ਕਿਹਾ ਕਿ ਸ਼ੀਤਲ ਅੰਗੁਰਾਲ ਅਤੇ ਰਾਜਨ ਅੰਗੁਰਾਲ ਨੇ ਆਪਣੇ ਗੈਰ-ਕਾਨੂੰਨੀ ਕੰਮਾਂ ਨੂੰ ਅਲੱਗ-ਅਲੱਗ ਵੰਡਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਸ਼ੀਤਲ ਅੰਗੁਰਾਲ ਦਾ ਸਿਆਸੀ ਪ੍ਰਭਾਵ ਸੀ ਅਤੇ ਰਾਜਨ ਅੰਗੁਰਾਲ ਆਪਣੇ ਭਰਾ ਦੀ ਸ਼ਹਿ 'ਤੇ ਸਾਰੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ।
ਕੰਗ ਨੇ ਕਿਹਾ ਕਿ ਉਨ੍ਹਾਂ ਨੇ ਸੰਦੀਪ ਕੁਮਾਰ ਦੀ ਜਾਣ-ਪਛਾਣ ਅਯੂਬ ਖਾਨ ਨਾਲ ਕਰਵਾਈ ਜੋ ਸ਼ੀਤਲ ਅੰਗੁਰਾਲ ਦਾ ਸੱਜਾ ਹੱਥ ਹੈ ਅਤੇ ਕਿਹਾ ਕਿ ਉਹ ਇਸ ਝਗੜੇ ਨੂੰ ਸੁਲਝਾਉਣ ਲਈ ਥਾਣੇ ਵਿਚ ਉਸ ਦੀ ਮਦਦ ਕਰਨਗੇ। ਪਰ ਗੱਲ ਇੱਥੇ ਹੀ ਖਤਮ ਨਹੀਂ ਹੋਈ।
ਸੰਦੀਪ ਕੁਮਾਰ ਅਤੇ ਉਸ ਦੇ ਪਰਿਵਾਰ ਨੂੰ ਇਸ ਝਗੜੇ ਸਬੰਧੀ ਅਜੇ ਵੀ ਥਾਣੇ ਤੋਂ ਫੋਨ ਆ ਰਹੇ ਸਨ, ਇਸ ਲਈ ਰਾਜਨ ਅੰਗੁਰਾਲ ਨੇ ਸੰਦੀਪ ਕੁਮਾਰ ਤੋਂ ਹੋਰ 2 ਲੱਖ ਰੁਪਏ ਦੀ ਮੰਗ ਕੀਤੀ। ਕੰਗ ਨੇ ਕਿਹਾ ਕਿ ਸ਼ੀਤਲ ਅੰਗੁਰਾਲ ਖਿਲਾਫ ਇਹ ਇਕੱਲਾ ਮਾਮਲਾ ਨਹੀਂ ਹੈ। ਉਹ ਆਦਤਨ ਅਪਰਾਧੀ ਹੈ।