ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਪੰਜਾਬ ਦੀ ਆਰਥਿਕਤਾ ਨੂੰ ਕੁਰਾਹੇ ਪਾਉਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸਰਕਾਰ ਦੀ ਆਰਥਿਕ ਬੇਇੰਤਜ਼ਾਮੀ ਕਾਰਨ ਸੂਬੇ ਸਿਰ ਮਹਿਜ਼ ਅਠਾਰਾਂ ਮਹੀਨਿਆਂ ਦੌਰਾਨ 50,000 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੜ੍ਹ ਗਿਆ ਹੈ। 


 


ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ,  ਸਿੱਧੂ ਨੇ ਪਹਿਲੀ ਛਿਮਾਹੀ ਵਿਚ ਸਰਕਾਰ ਨੂੰ ਮਿਥੇ ਗਏ ਟੀਚੇ ਨਾਲੋਂ ਤਕਰੀਬਨ 1651 ਕਰੋੜ ਰੁਪਏ ਦਾ ਮਾਲੀਆ ਘੱਟ ਇਕੱਠਾ ਹੋਇਆ ਹੈ। ਉਹਨਾਂ ਕਿਹਾ ਕਿ ਇਸੇ ਤਰਾਂ ਹੀ ਪਹਿਲੇ ਛੇ ਮਹੀਨਿਆਂ ਵਿਚ ਟੈਕਸਾਂ ਤੋਂ ਬਿਨਾਂ ਹੋਣ ਵਾਲੀ ਆਮਦਨ ਵੀ ਟੀਚੇ ਨਾਲੋਂ 1800 ਕਰੋੜ  ਰੁਪਏ ਦੇ ਕਰੀਬ ਘੱਟ ਗਈ ਹੈ।  ਸਿੱਧੂ ਨੇ ਕਿਹਾ ਕਿ ਕੇਂਦਰੀ ਗ੍ਰਾਂਟ ਵਿੱਚ ਲਗਭਗ 61% ਦੀ ਕਮੀ ਦਾ ਜੋ ਜ਼ਿਕਰ ਮੀਡੀਆ ਰਿਪੋਰਟਾਂ ਵਿਚ ਹੋਇਆ ਹੈ ਉਹ ਵੀ ਸਰਕਾਰ ਦੀ ਬੇਇੰਤਜ਼ਾਮੀ ਦਾ ਹੀ ਸਿੱਟਾ ਹੈ। ਉਹਨਾਂ ਕਿਹਾ ਕਿ ਅਜਿਹੇ ਮਾੜੇ ਮਾਲੀ ਹਾਲਾਤ ਨੇ ਉਹਨਾਂ ਪੰਜਾਬੀਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ਜਿਨ੍ਹਾਂ ਨੇ ਇਸ ਸਰਕਾਰ ਤੋਂ ਸੂਬੇ ਦੇ ਵਿਕਾਸ ਦੀਆਂ ਵੱਡੀਆਂ ਆਸਾਂ ਲਾਈਆਂ ਹੋਈਆਂ ਸਨ।


 


ਸਿੱਧੂ ਨੇ ਆਮ ਆਦਮੀ ਪਾਰਟੀ ਦੀ ਮਾੜੀ ਵਿੱਤੀ ਵਿਉਂਤਬੰਦੀ ਦੀ ਉਦਾਹਰਣ ਦਿੰਦਿਆਂ ਦਸਿਆ ਕਿ ਪੰਜਾਬ ਦੇ ਚੰਗੇ ਭਲੇ ਮੌਜ਼ੂਦ ਸਿਹਤ ਵਿਭਾਗ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਕੇ ਦਿੱਲੀ ਦੀ ਰੀਸ ਨਾਲ ‘ਆਮ ਆਦਮੀ ਕਲੀਨਿਕਾਂ’ ਦੀ ਸਥਾਪਨਾ ਕੀਤੀ ਗਈ। ਉਹਨਾਂ ਕਿਹਾ ਕਿ ਇਸ ਪੈਸੇ ਨਾਲ ਮੌਜੂਦਾ ਬੁਨਿਆਦੀ ਢਾਂਚੇ ਨੂੰ ਹੋਰ ਵਧੇਰੇ ਕਾਰਜ-ਕੁਸ਼ਲ ਬਣਾਇਆ ਜਾ ਸਕਦਾ ਸੀ।


 


ਉਹਨਾਂ ਨੇ 'ਆਪ' ਸਰਕਾਰ ਨੂੰ ਸਵਾਲ ਕੀਤਾ ਕਿ ਉਹ ਲੋਕਾਂ ਨੂੰ ਸਪਸ਼ਟ ਕਰੇ ਕਿ ਕੇਂਦਰ ਸਰਕਾਰ ਦੀਆਂ ਗ੍ਰਾਂਟਾਂ ਵਿੱਚ ਭਾਰੀ ਕਮੀ ਕਿਉਂ ਹੋਈ ਹੈ ਅਤੇ ਉਹ ਕੇਂਦਰੀ ਗਰਾਂਟਾਂ ਵਿਚ ਪੰਜਾਬ ਦਾ ਬਣਦਾ ਹਿੱਸਾ ਲੈਣ ਲਈ ਕੀ ਯਤਨ ਕਰ ਰਹੀ ਹੈ? ਉਹਨਾਂ ਵੱਖ-ਖ ਰਾਜਾਂ ਵਿੱਚ 'ਆਪ' ਦੀਆਂ ਮੁਹਿੰਮਾਂ ਲਈ ਪੰਜਾਬ ਦੇ ਹੈਲੀਕਾਪਟਰ ਅਤੇ ਹਵਾਈ ਯਾਤਰਾ ਉਤੇ ਬੇਲੋੜਾ ਖਰਚ ਕਰਨ ਲਈ ਵੀ ਪੰਜਾਬ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ।


 


ਕਾਂਗਰਸੀ ਆਗੂ ਨੇ ਆਮ ਆਦਮੀ ਪਾਰਟੀ ਵਲੋਂ ਕੀਤੀ ਜਾ ਰਹੀ ਬੇਲੋੜੀ ਇਸ਼ਤਿਹਾਰਬਾਜ਼ੀ ਉਤੇ ਕੀਤੀ ਜਾ ਰਹੀ ਫਜ਼ੂਲਖਰਚੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਹਰ ਸੌ ਮੀਟਰ ਦੀ ਦੂਰੀ 'ਤੇ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਨਾਲ ‘ਪੰਜਾਬ ਰੰਗਲਾ’ ਬਣਾਇਆ ਪਿਆ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਆਸੀ ਲਾਹਾ ਲੈਣ ਲਈ ਪੰਜਾਬ ਦੇ ਲੋਕਾਂ ਦਾ ਸੈਂਕੜੇ ਕਰੋੜ ਰੁਪਿਆ ਬਾਹਰਲੇ ਸੂਬਿਆਂ ਦੇ ਅਖ਼ਬਾਰਾਂ ਵਿਚ ਇਸ਼ਤਿਹਾਰਬਾਜ਼ੀ ਕਰਨ ਉਤੇ ਰੋੜ ਦਿਤਾ ਹੈ।


 


 ਸਿੱਧੂ ਨੇ ਕਿਹਾ ਕਿ ਫਜ਼ੂਲਖ਼ਰਚੀ ਅਤੇ ਬੇਇੰਤਜ਼ਾਮੀ ਕਾਰਨ ਸੂਬੇ ਦਾ ਮਾਲੀਆ ਘਾਟਾ ਵਧਣ ਦੇ ਸਿੱਟੇ ਵਜੋਂ ਸੂਬੇ ਦੇ ਲੋਕਾਂ ਸਿਰ ਹੋਰ ਕਰਜ਼ਾ ਚੜ੍ਹ ਗਿਆ ਹੈ। ਉਹਨਾਂ ਕਿਹਾ ਕਿ ਸੂਬੇ ਦੀ ਵਿੱਤੀ ਹਾਲਤ ਇਥੋਂ ਤੱਕ ਨਿੱਘਰ ਗਈ ਹੈ ਕਿ ਸਰਕਾਰ ਨੂੰ ਆਪਣੇ ਰੋਜ਼ਮਰ੍ਹਾ ਦੇ ਕੰਮ ਕਾਜ ਚਲਾਉਣ ਲਈ ਵੀ ਉਧਾਰ ਦਾ ਸਹਾਰਾ ਲੈਣਾ ਪੈ ਰਿਹਾ ਹੈ। ਸਿੱਧੂ ਨੇ ਕਿਹਾ ਬੁਨਿਆਦੀ ਢਾਂਚੇ 'ਤੇ ਖਰਚ ਕਰਨ ਦੀ ਸਰਕਾਰ ਦੀ ਸਮਰੱਥਾ ਹੀ ਨਹੀਂ ਰਹੀ ਅਤੇ ਇਸ ਕਾਰਨ ਸਾਰੇ ਵਿਕਾਸ ਕਾਰਜ ਠੱਪ ਹੋ ਗਏ ਹਨ।