Punjab News: ਰਾਜਸਥਾਨ ਦੇ ਤਿਜਾਰਾ ਵਿਧਾਨ ਸਭਾ 'ਚ ਭਾਜਪਾ ਨੇਤਾ ਸੰਦੀਪ ਦਿਆਮਾ ਦੇ ਬਿਆਨ ਦਾ ਸਿੱਖ ਭਾਈਚਾਰੇ 'ਚ ਵਿਰੋਧ ਵਧਦਾ ਜਾ ਰਿਹਾ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸੰਦੀਪ ਦਿਆਮਾ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ 'ਚ ਭਾਜਪਾ ਦੀ ਰੈਲੀ 'ਚ ਗੁਰਧਾਮਾਂ ਦੀ ਬੇਅਦਬੀ ਕਰਨ ਦਾ ਬਿਆਨ ਨਿੰਦਣਯੋਗ ਹੈ, ਇਤਿਹਾਸ ਗਵਾਹ ਹੈ ਕਿ ਕਾਂਗਰਸ ਨੇ ਵੀ ਇਸੇ ਸੋਚ ਨਾਲ ਸਿੱਖ ਧਾਰਮਿਕ ਅਸਥਾਨਾਂ 'ਤੇ ਹਮਲੇ ਕੀਤੇ ਸਨ ਅਤੇ ਅੱਜ ਭਾਜਪਾ ਵੀ ਕਾਂਗਰਸ ਦੇ ਰਾਹ 'ਤੇ ਚੱਲਦੀ ਨਜ਼ਰ ਆ ਰਹੀ ਹੈ |


ਜੇਕਰ ਗੁਰਦੁਆਰੇ ਨਾ ਹੁੰਦੇ ਤਾਂ ਪੂਰਾ ਉੱਤਰ ਭਾਰਤ ਮੁਸਲਮਾਨਾਂ ਦਾ ਹੁੰਦਾ


ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਮਲੇ ਸਬੰਧੀ ਕੇਂਦਰ ਸਰਕਾਰ ਨੂੰ ਪੱਤਰ ਲਿਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਗੁਰਦੁਆਰੇ ਨਾ ਹੁੰਦੇ ਤਾਂ ਪੂਰਾ ਉੱਤਰ ਭਾਰਤ ਮੁਸਲਮਾਨਾਂ ਦਾ ਹੁੰਦਾ। ਉਨ੍ਹਾਂ ਸਿੱਖਾਂ ਨੂੰ ਮਜਬੂਤ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਇਹ ਮੰਗ ਕੇ ਇਨਸਾਫ਼ ਨਹੀਂ ਮਿਲਿਆ। ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੋਈ ਸਮਾਂ ਸੀ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੋਲਦਾ ਸੀ ਤਾਂ ਦਿੱਲੀ ਬੈਠੇ ਪ੍ਰਧਾਨ ਮੰਤਰੀ ਨੂੰ ਵੀ ਜਵਾਬ ਦੇਣਾ ਪੈਂਦਾ ਸੀ ਅਤੇ ਹੁਣ ਅਜਿਹਾ ਸਮਾਂ ਆ ਗਿਆ ਹੈ ਕਿ ਚਿੱਠੀ ਲਿਖ ਕੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।


'ਭਾਜਪਾ ਆਗੂਆਂ ਨੇ ਮੰਗੀ ਮਾਫੀ'


ਤੁਹਾਨੂੰ ਦੱਸ ਦੇਈਏ ਕਿ ਬਾਬਾ ਬਾਲਕਨਾਥ ਤਿਜਾਰਾ ਵਿਧਾਨ ਸਭਾ ਤੋਂ ਭਾਜਪਾ ਦੇ ਉਮੀਦਵਾਰ ਹਨ। ਉਨ੍ਹਾਂ ਦੇ ਸਮਰਥਨ 'ਚ ਚੋਣ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ 'ਚ ਭਾਜਪਾ ਦੇ ਸਾਬਕਾ ਉਮੀਦਵਾਰ ਸੰਦੀਪ ਦਿਆਮਾ ਨੇ ਸਿੱਖ ਕੌਮ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਭਾਜਪਾ ਨੇਤਾ ਦੇ ਇਸ ਬਿਆਨ ਤੋਂ ਬਾਅਦ ਜਦੋਂ ਸਿਆਸਤ ਗਰਮ ਗਈ ਤਾਂ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਕੇ ਆਪਣੇ ਬਿਆਨ ਲਈ ਮੁਆਫੀ ਮੰਗ ਲਈ। ਉਨ੍ਹਾਂ ਕਿਹਾ ਕਿ ਇਹ ਸ਼ਬਦ ਉਨ੍ਹਾਂ ਦੇ ਮੂੰਹੋਂ ਗਲਤੀ ਨਾਲ ਨਿਕਲ ਗਿਆ। ਉਹ ਗੁਰਦੁਆਰੇ ਦਾ ਸਤਿਕਾਰ ਕਰਦਾ ਹੈ।