Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਆਪਣੇ ਬੇਹੂਦਾ ਫੈਸਲਿਆਂ ਨਾਲ ਪੰਜਾਬ ਵਿਚ ਹਫੜਾ ਦਫੜੀ ਦਾ ਮਾਹੌਲ ਪੈਦਾ ਕਰ ਰਹੀਹੈ ਜਿਸ ਕਾਰਨ ਪ੍ਰਸ਼ਾਸਨ ਦਾ ਪਤਨ ਹੋ ਰਿਹਾ ਹੈ।


ਅੱਜ ਇਥੇ ਮਾਘੀ ਮੇਲੇ ਦੀ ਤਿਆਰੀ ਸਬੰਧੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਪੀ ਐਸ ਅਫਸਰਾਂ ਨੂੰ ਸਮੂਹਿਕ ਛੁੱਟੀ ਲੈਣ ਲਈ ਮਜਬੂਰ ਕਰਨ ਵਾਸਤੇ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਨਜਿੱਠਣਾ ਸਭ ਤੋਂ ਜ਼ਰੂਰੀ ਹੈ ਪਰ ਅਜਿਹਾ ਕਰਦਿਆਂ ਨਿਯਮਾਂ ਤੇ ਪ੍ਰਕਿਰਿਆਵਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਸਰਕਾਰ ਨੇ ਪ੍ਰਸ਼ਾਸਨਿਕ ਨਿਯਮਾਂ ਮੁਤਾਬਕ ਸਮਰਥ ਅਥਾਰਟੀ ਤੋਂ ਪ੍ਰਵਾਨਗੀ ਲਏ ਬਗੈਰ ਹੀ ਅਫਸਰਾਂ ਖਿਲਾਫ ਕਾਰਵਾਈ ਕੀਤੀ ਹੈ। ਅਜਿਹਾ ਨਹੀਂ ਹੋਣਾ ਚਾਹੀਦਾ।






ਬਾਦਲ ਨੇ ਕਿਹਾ ਕਿ ਮਾਲ ਅਫਸਰ ਵੀ ਪੀ ਸੀ ਐਸ ਐਸੋਸੀਏਸ਼ਨ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਸਮੂਹਿਕ ਛੁੱਟੀ ’ਤੇ ਚਲੇ ਗਏ ਹਨ। ਮਾਲ ਅਫਸਰ ਐਸੋਸੀਏਸ਼ਨ ਨੇ ਵੀ ਸਰਕਾਰ ’ਤੇ ਵਸੂਲੀਆਂ ਵਾਲਾ ਰਵੱਈਆ ਅਪਣਾਉਣ ਦੇ ਦੋਸ਼ ਲਗਾਏ ਹਨ ਜਿਹਨਾਂ ਦੀ ਨਿਰਪੱਖ ਜਾਂਚ ਹੋਣਾ ਚਾਹੀਦੀ ਹੈ।


ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਮਾੜੇ ਹਾਲਾਤਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਸੂਬੇ ਵਿਚ ਮੁੱਖ ਮੰਤਰੀ ਤੇ ਅਫਸਰ਼ਸਾਹੀ ਵਿਚਾਲ ਸੰਪਰਕ ਟੁੱਟ ਗਿਆ ਜਾਪਦਾ ਹੈ। ਅਜਿਹਾ ਇਸ ਕਾਰਨ ਹੈ ਕਿਉਂਕਿ ਮੁੱਖ ਮੰਤਰੀ ਸੂਬੇ ਵਿਚੋਂ ਲੰਬਾ ਸਮਾਂ ਗਾਇਬ ਰਹਿੰਦੇ ਹਨ ਤੇ ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਅਰਵਿੰਦ ਕੇਜਰੀਵਾਲ ਦੀ ਜੁੰਡਲੀ ਹਵਾਲੇ ਕਰ ਦਿੱਤਾ ਹੈ।


ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਕੱਲ੍ਹ ਪੰਜਾਬ ਵਿਚ ਦਾਖਲ ਹੋਣ ਬਾਰੇ ਸਵਾਲ ਦੇ ਜਵਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੂੰ ਖੁਸ਼ ਕਰਨ ਵਾਸਤੇ ਇਕ ਦੂਜੇ ਦੇ ਉਪਰ ਡਿੱਗ ਰਹੇ ਹਨ।


ਉਹਨਾਂ ਕਿਹਾ ਕਿ ਬਜਾਏ ਅਜਿਹੀ ਸਸਤੀ ਸ਼ੋਹਰਤ ਵਿਚ ਲੱਗਣ ਦੇ ਉਹਨਾਂ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਨੇ ਰਾਹੁਲ ਗਾਂਧੀ ਤੋਂ ਕਦੇ ਵੀ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਅਤੇ 1984 ਦੇ ਸਿੱਖ ਕਤਲੇਆਮ ਵਿਚ ਉਹਨਾਂ ਦੇ ਪਰਿਵਾਰ ਦੀ ਭੂਮਿਕਾ ਬਾਰੇ ਸਵਾਲ ਕਿਉਂ ਨਹੀਂ ਪੁੱਛੇ।


ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਪੰਜਾਬ ਵਿਚ ਆਪਣੇ ਮਾਰਚ ਦੌਰਾਨ ਐਸ ਵਾਈ ਐਲ ਬਾਰੇ ਵੀ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਪੰਜਾਬ ਦਾ ਪਾਣੀ ਖੋਹ ਕੇ ਰਾਜਸਥਾਨ ਨੂੰ ਦੇਣ ਤੇ ਫਿਰ ਐਸ ਵਾਈ ਐਲ ਨਹਿਰ ਦੀ ਉਸਾਰੀ ਦੇ ਹੁਕਮ ਦੇਣ ਵਿਚ ਉਹਨਾਂ ਦੇ ਪਰਿਵਾਰ ਦੀ ਭੂਮਿਕਾ ਲਈ ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀਹੈ।