International Mother Language Day: ਕਾਰੋਬਾਰੀ ਅਦਾਰਿਆਂ ਉੱਪਰ ਪੰਜਾਬੀ ਭਾਸ਼ਾ ਵਿੱਚ ਬੋਰਡ ਲਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਦਿੱਤਾ ਸਮਾਂ ਅੱਜ ਖਤਮ ਹੋ ਰਿਹਾ ਹੈ। ਇਸ ਦੇ ਬਾਵਜੂਦ ਬਹੁਤੇ ਲੋਕਾਂ ਨੇ ਅੰਗਰੇਜ਼ੀ ਜਾਂ ਹਿੰਦੀ ਵਿੱਚ ਹੀ ਬੋਰਡ ਲਾਏ ਹੋਏ ਹਨ। ਹੋਰ ਤਾਂ ਹੋਰ ਕਈ ਸਰਕਾਰੀ ਅਦਾਰਿਆਂ ਉੱਪਰ ਵੀ ਅਜੇ ਅੰਗਰੇਜ਼ੀ ਵਿੱਚ ਹੀ ਬੋਰਡ ਲੱਗੇ ਹੋਏ ਹਨ।


ਭਾਸ਼ਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਦੀ ਪ੍ਰਫੱਲਤਾਂ ਲਈ ਕੀਤੇ ਐਲਾਨ ਕਾਗਜ਼ਾਂ ਵਿੱਚ ਹੀ ਰਹਿ ਗਏ ਜਾਪਦੇ ਹਨ। ਕੌਮਾਂਤਰੀ ਮਾਂ ਬੋਲੀ ਦਿਵਸ ਤੱਕ ਰਾਜ ਭਰ ’ਚ ਸਾਰੇ ਕਾਰਜ ਪੰਜਾਬੀ 'ਚ ਕਰਨ ਦੇ ਦਾਅਵੇ ਚੇਤੰਨ ਰੈਲੀਆਂ, ਸੈਮੀਨਾਰਾਂ ਤੱਕ ਸੀਮਤ ਹੋ ਕੇ ਰਹਿ ਗਏ।


ਅੱਜ ਸਰਕਾਰੀ ਵਿਭਾਗਾਂ ਦੇ ਅੰਗਰੇਜ਼ੀ 'ਚ ਜਾਰੀ ਪੱਤਰ ਵੀ ਮਾਂ ਬੋਲੀ ਦਾ ਮਜ਼ਾਕ ਉਡਾਉਂਦੇ ਰਹੇ। ਮੁੱਖ ਮੰਤਰੀ ਨੇ ਰਾਜ ਦੇ ਸਾਰੇ ਕਾਰੋਬਾਰੀਆਂ ਤੇ ਅਦਾਰਿਆਂ ਨੂੰ 21 ਫਰਵਰੀ ਤੱਕ ਆਪਣੇ ਬੋਰਡ ਪੰਜਾਬੀ ’ਚ ਕਰਨ ਦੀ ਹਦਾਇਤ ਕੀਤੀ ਸੀ।


ਪੰਜਾਬ ਭਰ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਸਰਕਾਰੀ, ਪ੍ਰਾਈਵੇਟ ਦਫਤਰਾਂ ਦੇ ਬੋਰਡ, ਨੇਮ ਪਲੇਟਾਂ,ਬਜ਼ਾਰਾਂ ’ਚ ਲੱਗੇ ਸਾਈਨ ਬੋਰਡਾਂ 'ਤੇ ਵੀ ਕੋਈ ਤਬਦੀਲੀ ਨਜ਼ਰ ਨਹੀਂ ਆਈ, ਸਗੋਂ ਪਹਿਲਾ ਵਾਂਗ ਹੀ ਅੰਗਰੇਜ਼ੀ ਭਾਸ਼ਾ ਭਾਰੂ ਰਹੀ।



ਸੀਐਮ ਭਗਵੰਤ ਮਾਨ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਵੱਡਾ ਐਲਾਨ- ਉਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਦੁਕਾਨਦਾਰ ਆਪਣੀ ਦੁਕਾਨ ਦਾ ਬੋਰਡ ਪੰਜਾਬੀ 'ਚ ਲਾਉਣ ਤੋਂ ਅਸਮਰੱਥ ਹੈ ਤਾਂ ਪੰਜਾਬ ਸਰਕਾਰ ਵੱਲੋਂ ਉਸ ਦਾ ਬੋਰਡ ਪੰਜਾਬੀ 'ਚ ਲਾਇਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਵੱਡੇ-ਵੱਡੇ ਬ੍ਰਾਂਡ ਵਾਲਿਆਂ ਨੇ ਆਪਣੀਆਂ ਦੁਕਾਨਾਂ ਦੇ ਬੋਰਡ ਪੰਜਾਬੀ 'ਚ ਲਾ ਲਏ ਹਨ।


ਇਹ ਵੀ ਪੜ੍ਹੋ: FCI corruption : ਸੀਬੀਆਈ ਨੇ ਪੰਜਾਬ ਵਿੱਚ 30 ਥਾਵਾਂ ਉੱਤੇ ਕੀਤੀ ਛਾਪੇਮਾਰੀ


ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ "ਵੱਡੇ-ਵੱਡੇ ਬ੍ਰਾਂਡ ਵਾਲਿਆਂ ਨੇ ਆਪਣੀ ਦੁਕਾਨ ਦੇ ਬੋਰਡ ਪੰਜਾਬੀ 'ਚ ਲਗਾ ਲਏ ਨੇ...ਅੱਜ ਤੋਂ ਅਸੀਂ ਇੱਕ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ..ਜੇ ਕੋਈ ਦੁਕਾਨਦਾਰ ਆਪਣੀ ਦੁਕਾਨ ਦਾ ਬੋਰਡ ਪੰਜਾਬੀ 'ਚ ਲਗਾਉਣ ਤੋਂ ਅਸਮਰੱਥ ਹੈ, ਪੰਜਾਬ ਸਰਕਾਰ ਤਰਫ਼ੋਂ ਅਸੀਂ ਉਸਦਾ ਬੋਰਡ ਪੰਜਾਬੀ 'ਚ ਲਗਵਾਵਾਂਗੇ... ਆਓ ਆਪਣੀ ਮਾਂ ਬੋਲੀ ਨੂੰ ਬਣਦਾ ਸਨਮਾਨ ਦੇਈਏ..।


ਇਹ ਵੀ ਪੜ੍ਹੋ: Punjab News: ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ