ਚੰਡੀਗੜ੍ਹ: ਪੰਜਾਬ ਦੇ ਸਹਿਕਾਰਤਾ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਹੈ ਕਿ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਵੱਲੋਂ ਸੀਜ਼ਨ 2021-22 ਦੌਰਾਨ 1 ਕਰੋੜ 72 ਲੱਖ ਕੁਇੰਟਲ ਗੰਨੇ ਦੀ ਪਿੜਾਈ ਕੀਤੀ ਗਈ ਹੈ ਜੋ ਪਿਛਲੇ ਪਿੜਾਈ ਸੀਜ਼ਨ ਨਾਲੋਂ ਤਕਰੀਬਨ 20 ਲੱਖ ਕੁਇੰਟਲ ਵੱਧ ਹੈ। ਉਨ੍ਹਾਂ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਨੇ 2021-22 ਦੌਰਾਨ ਪਿਛਲੇ ਸਾਲ ਨਾਲੋਂ 0.26 ਫੀਸਦੀ ਵੱਧ ਖੰਡ ਦੀ ਰਿਕਵਰੀ ਪ੍ਰਾਪਤ ਕੀਤੀ ਹੈ ਜਿਸ ਨਾਲ ਕਰੀਬ 44764 ਕੁਇੰਟਲ ਵਾਧੂ ਖੰਡ ਦਾ ਉਤਪਾਦਨ ਕੀਤਾ ਗਿਆ ਹੈ। ਇਸ ਨਾਲ ਲਗਪਗ 16 ਕਰੋੜ ਰੁਪਏ ਦੀ ਵਾਧੂ ਆਮਦਨ ਹੋਣ ਦੀ ਉਮੀਦ ਹੈ।
ਸਹਿਕਾਰਤਾ ਮੰਤਰੀ ਨੇ ਇਹ ਵੀ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਨੇ ਪਿਛਲੇ ਸਾਲ ਦੀ ਔਸਤ ਦਰ 800 ਰੁਪਏ ਪ੍ਰਤੀ ਕੁਇੰਟਲ ਦੇ ਮੁਕਾਬਲੇ 887 ਰੁਪਏ ਪ੍ਰਤੀ ਕੁਇੰਟਲ ਦੀ ਔਸਤ ਦਰ 'ਤੇ 2,85,000 ਕੁਇੰਟਲ ਸ਼ੀਰਾ ਵੇਚਿਆ ਜਿਸ ਨਾਲ ਕਰੀਬ 2.50 ਕਰੋੜ ਰੁਪਏ ਦੀ ਵਾਧੂ ਆਮਦਨ ਹੋਵੇਗੀ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਵੱਧ ਹੈ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਗੰਨੇ ਦੇ ਝਾੜ ਵਿੱਚ ਵਾਧਾ ਕਰਕੇ ਗੰਨਾ ਕਾਸ਼ਤਾਕਾਰਾਂ ਦੀ ਆਮਦਨ ਵਧਾਉਣ ਲਈ ਯੋਜਨਾ ਤਿਆਰ ਕਰਨ ਹਿੱਤ ਇੱਕ ਟਾਸਕਫੋਰਸ ਦਾ ਗਠਨ ਕੀਤਾ ਗਿਆ ਹੈ।
ਇਸ ਟਾਸਕਫੋਰਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ, ਸ਼ੂਗਰਕੇਨ ਬਰੀਡਿੰਗ ਇੰਸਟੀਚਿਊਟ, ਕੋਇੰਬਟੂਰ ਤੇ ਦੇਸ਼ ਪੱਧਰ ਦੇ ਗੰਨਾ ਮਾਹਿਰਾਂ ਤੋਂ ਇਲਾਵਾ ਸ਼ੂਗਰਫੈੱਡ, ਪੰਜਾਬ ਦੇ ਨੁਮਾਇੰਦੇ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਟਾਸਕਫੋਰਸ ਨੂੰ ਤਿੰਨ ਮਹੀਨੇ ਵਿੱਚ ਗੰਨੇ ਦਾ ਝਾੜ ਵਧਾਉਣ ਲਈ ਯੋਜਨਾ ਤਿਆਰ ਕਰਨ ਲਈ ਕਿਹਾ ਜਾਵੇਗਾ।
ਚੀਮਾ ਨੇ ਦੱਸਿਆ ਕਿ ਅਗਲੇ ਦੋ ਸਾਲਾਂ ਵਿੱਚ ਗੰਨੇ ਦੇ ਝਾੜ ਵਿੱਚ ਘੱਟੋ-ਘੱਟ 100 ਕੁਇੰਟਲ ਪ੍ਰਤੀ ਏਕੜ ਤੱਕ ਵਾਧਾ ਕਰਨ ਦਾ ਟੀਚਾ ਰੱਖਿਆ ਜਾਵੇਗਾ ਜਿਸ ਨਾਲ ਪ੍ਰਤੀ ਏਕੜ ਆਮਦਨ ਵਿੱਚ ਲਗਭਗ 36,000 ਰੁਪਏ ਤੱਕ ਦਾ ਵਾਧਾ ਹੋਵੇਗਾ। ਇਸ ਯੋੋਜਨਾ ਤਹਿਤ ਗੰਨਾ ਕਾਸ਼ਤਕਾਰਾਂ ਨੂੰ ਉੱਚ ਕੁਆਲਟੀ ਦੀਆਂ ਕਿਸਮਾਂ ਦੇ ਸ਼ੁੱਧ ਬੀਜ ਉਪਲੱਬਧ ਕਰਨ ਤੋਂ ਇਲਾਵਾ ਗੰਨੇ ਦੀ ਖੇਤੀ ਵਿੱਚ ਆਧੁਨਿਕ ਤਕਨੀਕਾਂ ਸਬੰਧੀ ਜਾਣਕਾਰੀ ਦੇ ਨਾਲ-ਨਾਲ ਮਸ਼ੀਨੀਕਰਨ ਬਾਰੇ ਵੀ ਸਿਖਲਾਈ ਦੇਣਾ ਸ਼ਾਮਲ ਹੋਵੇਗਾ।
ਇਸ ਦੇ ਨਾਲ ਚੀਮਾ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਕਿ ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨੇ ਦੇ ਆਉਣ ਵਾਲੇ ਅਗਲੇ ਬਿਜਾਈ ਸੀਜ਼ਨ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਅਤੇ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦੇ ਕਰਨਾਲ ਕੇਂਦਰ ਦੇ ਸਹਿਯੋਗ ਨਾਲ ਗੰਨੇ ਦੀਆਂ ਵੱਧ ਝਾੜ ਵਾਲੀਆਂ ਕਿਸਮਾਂ ਦੇ ਤਕਰੀਬਨ 30 ਲੱਖ ਪੌਦਿਆਂ ਦੀ ਪਨੀਰੀ ਤਿਆਰ ਕਰਕੇ ਗੰਨਾ ਕਾਸ਼ਤਕਾਰਾਂ ਨੂੰ ਬੀਜ਼ ਵੱਜੋਂ ਦਿੱਤੇ ਜਾਣ।
'ਆਪ' ਸਰਕਾਰ ਨੇ ਮਿੱਥਿਆ ਗੰਨੇ ਦੇ ਝਾੜ 'ਚ 100 ਕੁਇੰਟਲ ਪ੍ਰਤੀ ਏਕੜ ਤੱਕ ਵਾਧੇ ਦਾ ਟੀਚਾ
ਏਬੀਪੀ ਸਾਂਝਾ
Updated at:
19 Apr 2022 05:25 PM (IST)
ਹਰਪਾਲ ਸਿੰਘ ਚੀਮਾ ਨੇ ਦੱਸਿਆ ਹੈ ਕਿ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਵੱਲੋਂ ਸੀਜ਼ਨ 2021-22 ਦੌਰਾਨ 1 ਕਰੋੜ 72 ਲੱਖ ਕੁਇੰਟਲ ਗੰਨੇ ਦੀ ਪਿੜਾਈ ਕੀਤੀ ਗਈ ਹੈ ਜੋ ਪਿਛਲੇ ਪਿੜਾਈ ਸੀਜ਼ਨ ਨਾਲੋਂ ਤਕਰੀਬਨ 20 ਲੱਖ ਕੁਇੰਟਲ ਵੱਧ ਹੈ।
ਸੰਕੇਤਕ ਤਸਵੀਰ
NEXT
PREV
Published at:
19 Apr 2022 05:25 PM (IST)
- - - - - - - - - Advertisement - - - - - - - - -