ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ 'ਚ ਸ਼ਰਾਬ ਤੇ ਬੀਜ ਘੁਟਾਲੇ ਤੋਂ ਬਾਅਦ ਕੈਪਟਨ ਦੇ ਇੱਕ ਹੋਰ ਵਜ਼ੀਰ ਵਿਵਾਦਾਂ 'ਚ ਘਿਰ ਗਏ ਹਨ। ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ 'ਤੇ ਇਲਜ਼ਾਮ ਲਾਏ ਹਨ ਕਿ ਬਠਿੰਡਾ ਮੋਗਾ, ਜਲੰਧਰ, ਜੰਮੂ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇਅ 105 ਬੀ ਲਈ ਐਕੁਆਇਰ ਕੀਤੀ ਗਈ ਜ਼ਮੀਨ 'ਚ ਘੁਟਾਲਾ ਕੀਤਾ ਗਿਆ ਹੈ। ਹਾਲਾਂਕਿ ਗੁਰਪ੍ਰੀਤ ਕਾਂਗੜ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।


ਆਮ ਆਦਮੀ ਪਾਰਟੀ ਨੇ ਇਸ ਸਕੈਂਡਲ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਾਉਣ ਦੀ ਮੰਗ ਕੀਤੀ ਹੈ। ਵਿਰੋਧੀ ਧਿਰ ਦੇ ਨੇਤਾ ਤੇ ਆਪ ਵਿਧਾਇਕ ਹਰਪਾਲ ਚੀਮਾ ਨੇ ਕਿਹਾ ਕਿ ਇਸ ਜ਼ਮੀਨ ਘੁਟਾਲੇ ਨੂੰ ਸੂਬੇ ਦੇ ਮਾਲ ਮੰਤਰੀ ਗੁਰਪ੍ਰੀਤ ਕਾਂਗੜ ਤੇ ਮੋਗਾ ਤੋਂ ਕਾਂਗਰਸੀ ਵਿਧਾਇਕ ਹਰਜੋਤ ਕਮਲ ਸਮੇਤ ਹੋਰ ਕਾਂਗਰਸੀ ਲੀਡਰਾਂ, ਆਫ਼ਸਰਾਂ ਤੇ ਹਾਈਪ੍ਰੋਫਾਇਲ ਲੈਂਡ ਮਾਫੀਆ ਨੇ ਅੰਜ਼ਾਮ ਦਿੱਤਾ ਹੈ।


ਚੀਮਾ ਨੇ ਦੱਸਿਆ ਕਿ NH 105B ਬਠਿੰਡਾ-ਅੰਮ੍ਰਿਤਸਰ ਹਾਈਵੇਅ ਨੂੰ ਬਾਘਾਪੁਰਾਣਾ-ਮੋਗਾ-ਧਰਮਕੋਟ ਵੱਲੋਂ ਜਲੰਧਰ-ਜੰਮੂ ਹਾਈਵੇਅ ਨਾਲ ਸਿੱਧਾ ਜੋੜਨ ਲਈ ਬਣਾਇਆ ਜਾ ਰਿਹਾ ਹੈ। ਇਸ ਲਈ ਧਰਮਕੋਟ, ਮੋਗਾ, ਬਾਘਾਪੁਰਾਣਾ, ਜੈਤੋ ਤੇ ਰਾਮਪੁਰਾ ਫੂਲ ਹਲਕੇ ਦੀਆਂ ਜ਼ਮੀਨਾਂ ਐਕੁਆਇਰ ਕੀਤੀਆਂ ਹੋਈਆਂ ਹਨ। ਚੀਮਾ ਨੇ ਦਸਤਾਵੇਜ਼ ਦਿਖਾਉਂਦਿਆਂ ਦੱਸਿਆ ਕਿ 10 ਜਨਵਰੀ, 2020 ਨੂੰ ਇਸ ਜ਼ਮੀਨ ਦੀ ਪਛਾਣ ਲਈ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਕਾਂਗਰਸੀ ਲੀਡਰਾਂ ਦੇ ਸਬੰਧਤ ਅਧਿਕਾਰੀ ਇਸ ਪ੍ਰੋਜੈਕਟ ਤੋਂ ਪੂਰੀ ਤਰ੍ਹਾਂ ਜਾਣੂ ਸਨ।


ਚੀਮਾ ਨੇ ਦੱਸਿਆ ਕਿ ਕਰੀਬ 350 ਕਰੋੜ ਰੁਪਏ ਦੇ ਪੈਸਿਆਂ ਦਾ ਲੈਣ-ਦੇਣ ਹਰਜੋਤ ਕਮਲ ਦੇ ਪਿੰਡ ਅਜੀਤਵਾਲ ਸਥਿਤ ਇਕ ਪ੍ਰਾਈਵੇਟ ਬੈਂਕ ਵੱਲੋਂ ਹੀ ਹੋਇਆ ਹੈ। ਵਿਰੋਧੀ ਧਿਰ ਨੇ ਇਲਜ਼ਾਮ ਲਾਇਆ ਕਿ ਇਹ ਵਿਕਰੀ ਇਕਰਾਰਨਾਮਾ/ਰਜਿਸਟਰੀਆ ਜਾਂ ਪਾਵਰ ਆਫ਼ ਅਟਾਰਨੀ ਅਣਜਾਣ ਕਿਸਾਨਾਂ ਤੋਂ ਕਿਸੇ ਹੋਰ ਨੇ ਨਹੀਂ ਬਲਕਿ ਇਨ੍ਹਾਂ ਸਿਆਸੀ ਲੀਡਰਾਂ ਤੇ ਅਫ਼ਸਰਾਂ ਨੇ ਆਪਣੇ ਰਿਸ਼ਤੇਦਾਰਾਂ, ਦੋਸਤਾਂ ਤੇ ਆਪਣੇ ਨਾਲ ਕੰਮ ਕਰਨ ਵਾਲੇ ਕਰੀਬੀਆਂ ਦੇ ਨਾਂ 'ਤੇ ਕਰਵਾਈ ਹੈ।


ਚੀਮਾ ਨੇ ਖੁਲਾਸਾ ਕੀਤਾ ਕਿ ਮੋਗਾ ਜ਼ਿਲ੍ਹੇ ਨਾਲ ਸਬੰਧਤ ਮਨਜੀਤ ਕੌਰ ਦੀ ਕਰੀਬ 30 ਮਰਲੇ ਜ਼ਮੀਨ ਦੀ 61 ਲੱਖ ਰੁਪਏ 'ਚ 14 ਮਾਰਚ, 2020 ਨੂੰ ਪਾਵਰ ਆਫ਼ਰ ਆਫ਼ ਅਟਾਰਨੀ ਕਰਵਾਈ ਗਈ ਸੀ। ਇਸੇ ਦਿਨ ਹੀ ਸੇਲ ਡੀਡ/ਇੰਤਕਾਲ ਕਰਕੇ 24 ਘੰਟਿਆਂ ਦੇ ਅੰਦਰ ਕਾਨੂੰਨੀ ਕਾਗਜ਼ਾਂ ਦੀ ਮਲਕੀਅਤ ਹੀ ਬਦਲ ਦਿੱਤੀ ਗਈ।


ਉਨ੍ਹਾਂ ਸਵਾਲ ਖੜ੍ਹੇ ਕੀਤੇ ਕਿ ਕੀ ਆਮ ਆਦਮੀ ਨੂੰ ਮਾਲ ਵਿਭਾਗ ਏਨੀ ਤੁਰੰਤ ਸੇਵਾਵਾਂ ਦਿੰਦਾ ਹੈ? ਉਨ੍ਹਾਂ ਦਾ ਇਲਜ਼ਾਮ ਹੈ ਕਿ 61 ਲੱਖ ਰੁਪਏ 'ਚ ਖਰੀਦੀ ਇਸ ਜ਼ਮੀਨ ਤੇ ਲੈਂਡ ਮਾਫੀਆ ਸਰਕਾਰ ਤੋਂ 1 ਕਰੋੜ, 88 ਲੱਖ ਰੁਪਏ ਦੀ ਵਾਈਟ ਮਨੀ ਦੀ ਕਮਾਈ ਕਰ ਗਿਆ।


ਇਹ ਵੀ ਪੜ੍ਹੋ: ਅਮਰੀਕਾ: 24 ਘੰਟਿਆਂ 'ਚ 20000 ਤੋਂ ਵੱਧ ਕੋਰੋਨਾ ਕੇਸ, ਕੁੱਲ ਅੰਕੜਾ 20 ਲੱਖ 66 ਹਜ਼ਾਰ ਤੋਂ ਪਾਰ



ਦੂਜੇ ਪਾਸੇ ਮਾਲ ਮੰਤਰੀ ਗੁਰਪ੍ਰੀਤ ਕਾਂਗੜ ਨੇ ਇਨ੍ਹਾਂ ਇਲਜ਼ਾਮਾਂ 'ਤੇ ਬੋਲਦਿਆਂ ਕਿਹਾ ਕਿ ਉਹ ਪਹਿਲਾਂ ਹੀ ਇਸ ਸਬੰਧੀ ਸੂਬੇ ਦੇ ਵਿੱਤ ਕਮਿਸ਼ਨਰ (ਮਾਲੀਆ) ਨੂੰ ਜਾਂਚ ਮਾਰਕ ਕਰ ਚੁੱਕੇ ਹਨ। ਉਨ੍ਹਾਂ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ