Tarn Taran Assembly By Election: ਆਮ ਆਦਮੀ ਪਾਰਟੀ (ਆਪ) ਨੇ ਜ਼ਿਮਨੀ ਚੋਣ ਵਿੱਚ ਜਿੱਤ ਦਾ ਇੱਕ ਪੱਕਾ ਫਾਰਮੂਲਾ ਲੱਭ ਲਿਆ ਹੈ। ਸੂਬੇ ਵਿੱਚ ਜਦੋਂ ਵੀ ਕੋਈ ਜ਼ਿਮਨੀ ਚੋਣ ਹੁੰਦੀ ਹੈ ਤਾਂ 'ਆਪ' ਵਿਰੋਧੀ ਪਾਰਟੀ ਦੇ ਕਿਸੇ ਮਜਬੂਤ ਨੇਤਾ ਨੂੰ ਪਾਰਟੀ ਵਿੱਚ ਸ਼ਾਮਲ ਕਰਦੀ ਹੈ ਤੇ ਫਿਰ ਉਸ ਨੂੰ ਟਿਕਟ ਦੇ ਕੇ ਉਮੀਦਵਾਰ ਬਣਾ ਕੇ ਸ਼ਾਨਦਾਰ  ਜਿੱਤ ਹਾਸਲ ਕਰ ਲੈਂਦੀ ਹੈ। ਹੁਣ ਤੱਕ 'ਆਪ' 3 ਸੀਟਾਂ 'ਤੇ ਇਸ ਫਾਰਮੂਲੇ ਨਾਲ ਜਿੱਤਣ ਵਿੱਚ ਸਫਲ ਰਹੀ ਹੈ। ਹੁਣ ਤਰਨ ਤਾਰਨ ਸੀਟ 'ਤੇ ਵੀ ਇਹੀ ਫਾਰਮੂਲਾ ਅਜ਼ਮਾਇਆ ਜਾ ਰਿਹਾ ਹੈ। 

ਬੇਸ਼ੱਕ ਆਮ ਆਦਮੀ ਪਾਰਟੀ ਦਾ ਇਹ ਫਾਰਮੂਲਾ ਕਾਮਯਾਬ ਨਜ਼ਰ ਆ ਰਿਹਾ ਹੈ ਪਰ ਪਾਰਟੀ ਲੋਕਲ ਲੀਡਰਸ਼ਿਪ ਵਿੱਚ ਕਿਤੇ ਨਾ ਕਿਤੇ ਰੋਸ ਵੀ ਦਿਖਾਈ ਦਿੰਦਾ ਹੈ। ਉਧਰ, ਵਿਰੋਧੀ ਧਿਰਾਂ ਵੀ ਇਸ ਨੂੰ ਮੁੱਦਾ ਬਣਾ ਕੇ ਆਮ ਆਦਮੀ ਪਾਰਟੀ ਅੰਦਰ ਕਲੇਸ਼ ਵਧਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਪੰਜਾਬ ਕਾਂਗਰਸ ਨੇ ਵਿਅੰਗ ਕਰਦਿਆਂ ਕਿਹਾ ਕਿ ਹੈ ਕਿ ਟਿਕਟਾਂ ਬਾਹਰਲਿਆਂ ਨੂੰ ਦਿੱਤੀਆਂ ਜਾ ਰਹੀਆਂ ਹਨ ਤੇ ਪਾਰਟੀ ਵਰਕਰ ਸਿਰਫ ਦਰੀਆਂ ਝਾੜਨ ਲਈ ਰੱਖੇ ਹਨ। ਪੰਜਾਬ ਕਾਂਗਰਸ  ਦੇ ਸੋਸ਼ਲ ਮੀਡੀਆ ਹੈਂਡਲ ਫੇਸਬੁੱਕ ਉਪਰ 'ਆਪ' ਵਿੱਚ ਸ਼ਾਮਲ ਹੋਏ ਦੂਜੀਆਂ ਪਾਰਟੀਆਂ ਦੇ ਲੀਡਰਾਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਲਿਖਿਆ ਹੈ...ਭਮੱਕੜ ਸਿਰਫ਼ ਦਰੀਆਂ ਵਿਛਾਉਣ ਤੇ ਝਾੜਨ ਨੂੰ ਹੀ ਰੱਖੇ!

ਦਰਅਸਲ 'ਆਪ' ਨੇ ਤਰਨ ਤਾਰਨ ਤੋਂ ਅਕਾਲੀ ਦਲ ਦੇ ਨੇਤਾ ਹਰਮੀਤ ਸੰਧੂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਹੈ। ਸੰਧੂ ਇਸ ਸੀਟ ਤੋਂ 3 ਵਾਰ ਵਿਧਾਇਕ ਰਹਿ ਚੁੱਕੇ ਹਨ। 'ਆਪ' ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਪਿਛਲੇ ਮਹੀਨੇ ਬਿਮਾਰੀ ਕਾਰਨ ਮੌਤ ਹੋਣ ਕਰਕੇ ਤਰਨ ਤਾਰਨ ਸੀਟ ਉਪਰ ਜ਼ਿਮਨੀ ਚੋਣ ਹੋਣੀ ਹੈ। ਬੇਸ਼ੱਕ ਅਜੇ ਨਾ ਤਾਂ ਜ਼ਿਮਨੀ ਚੋਣ ਦਾ ਐਲਾਨ ਹੋਇਆ ਹੈ ਤੇ ਨਾ ਹੀ ਸੰਧੂ ਨੂੰ ਉਮੀਦਵਾਰ ਬਣਾਇਆ ਗਿਆ ਹੈ ਪਰ ਸਿਆਸਤ ਗਰਮਾ ਗਈ ਹੈ।

ਦੱਸ ਦਈਏ ਕਿ 'ਆਪ' ਨੇ ਹੁਣ ਤੱਕ ਜਲੰਧਰ ਪੱਛਮੀ, ਚੱਬੇਵਾਲ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟਾਂ ਤੋਂ ਜ਼ਿਮਨੀ ਚੋਣ ਜਿੱਤ ਕੇ ਵਿਰੋਧੀਆਂ ਦੇ ਹੌਸਲੇ ਪਸਤ ਕੀਤੇ ਹਨ ਪਰ  ਤਰਨ ਤਾਰਨ ਸੀਟ ਔਖੀ ਜਾਪ ਰਹੀ ਸੀ ਕਿਉਂਕਿ ਇਹ ਵਿਧਾਨ ਸਭਾ ਸੀਟ ਸੰਸਦ ਮੈਂਬਰ ਅੰਮ੍ਰਿਤਪਾਲ ਦੇ ਸੰਸਦੀ ਹਲਕੇ ਵਿੱਚ ਪੈਂਦੀ ਹੈ, ਜੋ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਤਰਨ ਤਾਰਨ ਪੰਥਕ ਵੋਟ ਦਾ ਗੜ੍ਹ ਮੰਨੀ ਜਾਂਦੀ ਹੈ। ਇਸ ਲਈ 'ਆਪ' ਅਕਾਲੀ ਦਲ ਦੇ ਨੇਤਾ ਸੰਧੂ ਨੂੰ ਲੈ ਕੇ ਆਈ ਹੈ।

ਦੂਜਾ ਕਾਰਨ 'ਆਪ' ਦਾ ਜ਼ਿਮਨੀ ਚੋਣ ਜਿੱਤਣ ਲਈ ਦੂਜੀ ਪਾਰਟੀ ਦੇ ਲੀਡਰ ਨੂੰ ਉਮੀਦਵਾਰ ਬਣਾਉਣ ਦਾ ਫਾਰਮੂਲਾ ਹੈ। ਇਸ ਤਹਿਤ ਸੂਬੇ ਵਿੱਚ ਜਦੋਂ ਵੀ ਕੋਈ ਜ਼ਿਮਨੀ ਚੋਣ ਹੁੰਦੀ ਹੈ ਤਾਂ 'ਆਪ' ਵਿਰੋਧੀ ਪਾਰਟੀ ਦੇ ਕਿਸੇ ਮਜਬੂਤ ਨੇਤਾ ਨੂੰ ਪਾਰਟੀ ਵਿੱਚ ਸ਼ਾਮਲ ਕਰਦੀ ਹੈ ਤੇ ਫਿਰ ਉਸ ਨੂੰ ਟਿਕਟ ਦੇ ਕੇ ਉਮੀਦਵਾਰ ਬਣਾ ਕੇ ਸ਼ਾਨਦਾਰ  ਜਿੱਤ ਹਾਸਲ ਕਰ ਲੈਂਦੀ ਹੈ। ਹੁਣ ਤੱਕ 'ਆਪ' 3 ਸੀਟਾਂ 'ਤੇ ਇਸ ਫਾਰਮੂਲੇ ਨਾਲ ਜਿੱਤਣ ਵਿੱਚ ਸਫਲ ਰਹੀ ਹੈ। ਹੁਣ ਤਰਨ ਤਾਰਨ ਸੀਟ 'ਤੇ ਵੀ ਇਹੀ ਫਾਰਮੂਲਾ ਅਜ਼ਮਾਇਆ ਜਾ ਰਿਹਾ ਹੈ। 

ਦਰਅਸਲ ਜਲੰਧਰ ਪੱਛਮੀ ਵਿੱਚ ਜੁਲਾਈ 2024 ਵਿੱਚ ਵਿਧਾਨ ਸਭਾ ਉਪ-ਚੋਣਾਂ ਹੋਈਆਂ। ਇਹ ਸੀਟ ਲੋਕ ਸਭਾ ਚੋਣਾਂ 2024 ਤੋਂ ਠੀਕ ਪਹਿਲਾਂ ਖਾਲੀ ਹੋ ਗਈ ਸੀ, ਕਿਉਂਕਿ 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ। ਮਾਰਚ ਵਿੱਚ ਦਿੱਤਾ ਗਿਆ ਅਸਤੀਫਾ ਜੂਨ ਵਿੱਚ ਸਵੀਕਾਰ ਕਰ ਲਿਆ ਗਿਆ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ 10 ਜੁਲਾਈ ਨੂੰ ਉਪ-ਚੋਣ ਦਾ ਐਲਾਨ ਕੀਤਾ। ਅਜਿਹੀ ਸਥਿਤੀ ਵਿੱਚ 'ਆਪ' ਨੇ 2023 ਵਿੱਚ ਭਾਜਪਾ ਛੱਡਣ ਵਾਲੇ ਮਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਐਲਾਨਿਆ। ਉਸੇ ਸਮੇਂ ਭਾਜਪਾ ਨੇ ਸ਼ੀਤਲ ਅੰਗੁਰਾਲ ਨੂੰ ਉਮੀਦਵਾਰ ਬਣਾਇਆ। ਮਹਿੰਦਰ ਭਗਤ ਨੇ ਇਹ ਚੋਣ ਜਿੱਤ ਲਈ। ਇਸ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਵੀ ਬਣਾਇਆ ਗਿਆ।

ਇਸੇ ਤਰ੍ਹਾਂ ਜਦੋਂ 2024 ਵਿੱਚ ਲੋਕ ਸਭਾ ਚੋਣਾਂ ਹੋਣੀਆਂ ਤਾਂ 'ਆਪ' ਕੋਲ ਹੁਸ਼ਿਆਰਪੁਰ ਤੋਂ ਕੋਈ ਉਮੀਦਵਾਰ ਨਹੀਂ ਸੀ। ਉਸੇ ਸਮੇਂ 15 ਮਾਰਚ, 2024 ਨੂੰ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਡਾ. ਰਾਜਕੁਮਾਰ ਚੱਬੇਵਾਲ ਨੇ ਕਾਂਗਰਸ ਤੇ ਪੰਜਾਬ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ। ਉਹ ਉਸੇ ਦਿਨ 'ਆਪ' ਵਿੱਚ ਸ਼ਾਮਲ ਹੋ ਗਏ।'ਆਪ' ਨੇ ਉਨ੍ਹਾਂ ਨੂੰ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨਿਆ। ਉਨ੍ਹਾਂ ਚੋਣ ਜਿੱਤ ਲਈ। ਇਸ ਤੋਂ ਬਾਅਦ ਚੱਬੇਵਾਲ ਦੇ ਪੁੱਤਰ ਡਾ. ਇਸ਼ਾਂਕ ਚੱਬੇਵਾਲ ਨੂੰ 'ਆਪ' ਨੇ ਚੱਬੇਵਾਲ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ। ਉਹ ਵੀ ਚੋਣ ਜਿੱਤ ਗਏ ਤੇ ਵਿਧਾਇਕ ਬਣ ਗਏ।

2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਮੈਦਾਨ ਵਿੱਚ ਉਤਾਰਿਆ। ਜਦੋਂ ਵੜਿੰਗ ਜਿੱਤ ਗਏ, ਤਾਂ ਗਿੱਦੜਬਾਹਾ ਵਿਧਾਨ ਸਭਾ ਸੀਟ ਖਾਲੀ ਹੋ ਗਈ। ਇਸ ਕਾਰਨ ਇੱਥੇ ਉਪ-ਚੋਣ ਹੋਈ। ਇਸ ਉਪ ਚੋਣ ਵਿੱਚ 'ਆਪ' ਕੋਲ ਮੈਦਾਨ ਵਿੱਚ ਉਤਾਰਨ ਲਈ ਕੋਈ ਮਜ਼ਬੂਤ ਚਿਹਰਾ ਨਹੀਂ ਸੀ। ਅਜਿਹੀ ਸਥਿਤੀ ਵਿੱਚ ਪਾਰਟੀ ਨੇ ਉਪ ਚੋਣ ਤੋਂ ਲਗਪਗ ਢਾਈ ਮਹੀਨੇ ਪਹਿਲਾਂ ਵੱਡਾ ਉਲਟਫੇਰ ਕੀਤਾ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਕਰੀਬੀ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਐਲਾਨ ਦਿੱਤਾ। ਇਸ ਦੇ ਨਾਲ ਹੀ ਕਾਂਗਰਸ ਨੇ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਤੇ ਭਾਜਪਾ ਤੋਂ ਮਨਪ੍ਰੀਤ ਬਾਦਲ ਨੂੰ ਆਪਣਾ ਉਮੀਦਵਾਰ ਬਣਾਇਆ। ਇਸ ਚੋਣ ਵਿੱਚ ਡਿੰਪੀ ਢਿੱਲੋਂ 71,644 ਵੋਟਾਂ ਨਾਲ ਜੇਤੂ ਰਹੇ। ਇਹ ਫਾਰਮੂਲਾ ਤਰਨ ਤਾਰਨ ਵਿੱਚ ਵਰਤਿਆ ਜਾ ਸਕਦਾ ਹੈ।