ਨਵੀਂ ਦਿੱਲੀ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੁਆਲੇ ਚੁਫੇਰਿਓਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਚੋਣ ਮੈਨੀਫੈਸਟੋ ਦੇ ਕਵਰ ਪੇਜ 'ਤੇ ਹਰਿਮੰਦਰ ਸਾਹਿਬ ਦੀ ਫੋਟੋ ਵਿੱਚ ਝਾੜੂ ਦਾ ਮਾਮਲਾ ਹੁਣ ਚੋਣ ਕਮਿਸ਼ਨ ਕੋਲ ਪਹੁੰਚ ਗਿਆ ਹੈ। ਦਿੱਲੀ ਕਾਂਗਰਸ ਦੇ ਇੱਕ ਲੀਡਰ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ। ਇਸ ਤੋਂ ਪਹਿਲਾਂ 'ਆਪ' ਲੀਡਰ ਅਸ਼ੀਸ਼ ਖੈਤਾਨ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਸਬੰਧੀ ਐਫ.ਆਰ.ਆਈ. ਦਰਜ ਹੋ ਚੁੱਕੀ ਹੈ।


 

 

ਵਿਰੋਧੀ ਧਿਰਾਂ ਆਪ ਆਦਮੀ ਪਾਰਟੀ ਦੀਆਂ ਕੁਝ ਭੁੱਲਾਂ ਦਾ ਸਿਆਸੀ ਲਾਹਾ ਲੈਣ ਲਈ ਕੋਈ ਕਸਰ ਬਾਰੀ ਨਹੀਂ ਚੱਡ ਰਹੇ। ਚੋਣ ਕਮਿਸ਼ਨ ਕੋਲ ਸ਼ਿਕਾਇਤ ਦੇ ਕੇ ਮੰਗ ਕੀਤੀ ਗਈ ਹੈ ਕਿ ਆਮ ਆਦਮੀ ਪਾਰਟੀ ਦੀ ਮਾਨਤਾ ਰੱਦ ਕੀਤੀ ਜਾਏ। ਉੱਧਰ, ਅਕਾਲੀ ਦਲ ਨੇ ਇਸ ਨੂੰ ਦਿੱਲੀ ਤੱਕ ਲਿਜਾਣ ਦੀ ਰਣਨੀਤੀ ਘੜੀ ਹੈ। ਅਕਾਲੀ ਦਲ ਵੱਲੋਂ ਅੱਜ ਕੇਜਰੀਵਾਲ ਦਾ ਘਿਰਾਓ ਕੀਤਾ ਜਾ ਰਿਹਾ ਹੈ।

 

 

ਉੱਧਰ ਸਾਰੇ ਵਿਵਾਦਾਂ ਤੋਂ ਬਾਅਦ ਕੱਲ੍ਹ ਰਾਤ ਕੇਜਰੀਵਾਲ ਦੇ ਘਰ ਹੰਗਾਮੀ ਮੀਟਿੰਗ ਹੋਈ। ਇਸ ਵਿੱਚ ਵਿਰੋਧੀਆਂ ਨੂੰ ਜਵਾਬ ਦੇਣ ਲਈ ਰਣਨੀਤੀ ਘੜੀ ਗਈ। 'ਆਪ' ਦੇ ਲੀਡਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਕੋਲੋਂ ਅਣਜਾਣੇ ਵਿੱਚ ਕੁਝ ਭੁੱਲਾਂ ਹੋਈਆਂ ਹਨ। ਇਸ ਨਾਲ ਵਿਰੋਧੀਆਂ ਨੂੰ ਹਮਲਿਆਂ ਦਾ ਮੌਕਾ ਮਿਲਿਆ ਹੈ। ਇਸ ਲਈ ਜਿੱਥੇ ਹੁਣ ਸੰਭਲ ਕੇ ਚੱਲਿਆ ਜਾਵੇ, ਉੱਥੇ ਹੀ ਜਨਤਾ ਵਿੱਚ ਕੀਤੀ ਜਾ ਰਹੇ ਪਾਰਟੀ ਵਿਰੋਧੀ ਪ੍ਰਚਾਰ ਦਾ ਵੀ ਢੁਕਵਾਂ ਜਵਾਬ ਦਿੱਤਾ ਜਾਏ।

 

 

ਕਾਬਲੇਗੌਰ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਜ਼ਮੀਨ ਤਿਆਰ ਕਰਨ ਲਈ ਜੁਟੀ ਹੋਈ ਹੈ। ਇਸ ਨੂੰ ਕਾਫੀ ਹੁੰਗਾਰਾ ਵੀ ਮਿਲਿਆ ਹੈ। ਪਾਰਟੀ ਸਭ ਤੋਂ ਪਹਿਲਾਂ ਚੋਣ ਮੈਨੀਫੈਸਟੋ ਤੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ ਬਾਜੀ ਮਾਰਨਾ ਚਾਹੁੰਦੀ ਸੀ ਪਰ 'ਆਪ' ਲੀਡਰ ਅਸ਼ੀਸ਼ ਖੈਤਾਨ ਵੱਲੋਂ ਮਾਨੀਫੈਸਟੋ ਦੀ ਤੁਲਣਾ ਧਾਰਮਿਕ ਗ੍ਰੰਥਾਂ ਨਾਲ ਕਰਨ ਕਰਕੇ ਮਾਮਲਾ ਉਲਟਾ ਪੈ ਗਿਆ ਹੈ।