ਸ਼ਾਹਕੋਟ: ਸ਼ਾਹਕੋਟ ਉਪ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਹੁਲਾਰਾ ਮਿਲਿਆ ਜਦੋਂ ਆਜ਼ਾਦ ਉਮੀਦਵਾਰ ਮਨੋਹਰ ਲਾਲ ਚੋਣ ਮੈਦਾਨ ਤੋਂ ਹਟ ਗਏ। ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹੱਕ ਤੇ ਸੱਚ ਦੀ ਇਸ ਲੜਾਈ ਵਿੱਚ ਮਨੋਹਰ ਲਾਲ ਦਾ ਯੋਗਦਾਨ ਬਹੁ ਕੀਮਤੀ ਰਹੇਗਾ।
ਇਸ ਮੌਕੇ ਮਨੋਹਰ ਲਾਲ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੋਵੇਂ ਦਲਿਤ ਵਿਰੋਧੀ ਪਾਰਟੀਆਂ ਹਨ। ਪਿਛਲੇ 70 ਵਿੱਚ ਇਨ੍ਹਾਂ ਦੋਵਾਂ ਪਾਰਟੀਆਂ ਨੇ ਦਲਿਤਾਂ ਦੇ ਨਾਮ ਤੇ ਰਾਜਨੀਤੀ ਕਰਨ ਤੋਂ ਸਿਵਾ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਅਸਲ ਲੋਕਾਂ ਦੀ ਪਾਰਟੀ ਹੈ ਤੇ ਪਾਰਟੀ ਨੇ ਦਲਿਤਾਂ ਦੇ ਉਥਾਨ ਲਈ ਬਹੁਤ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੇ ਵਿਧਾਨ ਸਭਾ ਵਿੱਚ ਸਰਬਜੀਤ ਕੌਰ ਮਾਣੂਕੇ ਨੂੰ ਉਪ ਨੇਤਾ ਵਿਰੋਧੀ ਧਿਰ ਦਾ ਅਹੁਦਾ ਦੇ ਕੇ ਦਲਿਤਾਂ ਨੂੰ ਮਾਣ ਸਨਮਾਨ ਦਿੱਤਾ ਹੈ।
ਆਪ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਨੇ ਕਿਹਾ ਕਿ ਮਨੋਹਰ ਲਾਲ ਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਉਹ ਦਲਿਤਾਂ ਅਤੇ ਪਿਛੜੀਆਂ ਸ਼੍ਰੇਣੀਆਂ ਦੇ ਮੁੱਦਿਆਂ ਨੂੰ ਜ਼ੋਰ ਸ਼ੋਰ ਨਾਲ ਚੁੱਕਣਗੇ ਤੇ ਉਨ੍ਹਾਂ ਦੇ ਹਰ ਕਾਰਜ ਵਿਚ ਸਾਥ ਦੇਣਗੇ।