ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਹੁਣ ਔਰਤਾਂ ਨੂੰ ਲਾਮਬੰਦ ਕਰਨ ਦੀ ਤਿਆਰੀ ਕੀਤੀ ਹੈ। ਇਸ ਬਾਰੇ 'ਆਪ' ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜ ਲਾਲੀ ਗਿੱਲ ਤੇ ਸਹਿ ਪ੍ਰਧਾਨ ਜੀਵਨਜੋਤ ਕੌਰ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿੱਚ ਬੈਠਕ ਹੋਈ। ਇਸ ਦੌਰਾਨ ਮਹਿਲਾ ਵਿੰਗ ਦੀਆਂ ਸਰਗਰਮੀਆਂ ਬੂਥ ਪੱਧਰ ਤੱਕ ਵਧਾਉਣ ਲਈ ਅਹਿਮ ਫ਼ੈਸਲੇ ਲਏ ਗਏ।
ਰਾਜ ਲਾਲੀ ਗਿੱਲ ਨੇ ਦੱਸਿਆ ਕਿ ਆਉਣ ਵਾਲੇ ਸਮੇਂ 'ਚ 'ਆਪ' ਦਾ ਮਹਿਲਾ ਵਿੰਗ ਘਰ-ਘਰ ਦਾ ਦਰਵਾਜ਼ਾ ਖੜਕਾਏਗਾ ਤੇ ਜਿੱਥੇ ਔਰਤ ਵਰਗ 'ਤੇ ਹੁੰਦੇ ਜਬਰ-ਜ਼ੁਲਮ ਵਿਰੁੱਧ ਮਹਿਲਾਵਾਂ ਨੂੰ ਉਨ੍ਹਾਂ ਦੇ ਹੱਕ-ਹਕੂਕਾਂ ਲਈ ਜਾਗਰੂਕ ਕਰੇਗਾ, ਉੱਥੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਖ਼ਾਸ ਕਰਕੇ ਮਹਿਲਾ ਵਰਗ ਨਾਲ ਕੀਤੀਆਂ ਗਈਆਂ ਵਾਅਦਾ ਖਿਲਾਫੀਆਂ ਵਿਰੁੱਧ ਲਾਮਬੰਦ ਕਰੇਗਾ।
ਉਨ੍ਹਾਂ ਕਿਹਾ ਕਿ ਘੱਟ ਗਿਣਤੀ ਤੇ ਦਲਿਤ ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੋਂ ਵਾਂਝੇ ਰੱਖ ਕੇ ਉਨ੍ਹਾਂ ਦਾ ਭਵਿੱਖ ਤਬਾਹ ਕੀਤਾ ਜਾ ਰਿਹਾ ਹੈ। ਵਿਧਵਾਵਾਂ, ਬਜ਼ੁਰਗਾਂ ਤੇ ਅਪਾਹਜ 2500 ਰੁਪਏ ਮਹੀਨਾ ਪੈਨਸ਼ਨ ਨੂੰ ਤਰਸ ਰਹੇ ਹਨ। ਪੇਟ ਦੀ ਅੱਗ ਸ਼ਾਂਤ ਕਰਨ ਲਈ ਮਨਰੇਗਾ ਤਹਿਤ ਦਿਹਾੜੀ ਕਰਨ ਵਾਲੀਆਂ ਮਹਿਲਾਵਾਂ ਨੂੰ ਕਈ ਕਈ ਮਹੀਨਿਆਂ ਦੀ ਮਜ਼ਦੂਰੀ ਨਹੀਂ ਦਿੱਤਾ ਜਾ ਰਹੀ।
ਗ਼ਰੀਬ ਦਲਿਤ ਬੱਚੀਆਂ ਦੀ ਸ਼ਾਦੀ ਮੌਕੇ 51 ਹਜ਼ਾਰ ਰੁਪਏ ਦੇ ਸ਼ਗਨ ਯੋਜਨਾ 3 ਸਾਲਾਂ 'ਚ ਵੀ ਲਾਗੂ ਨਹੀਂ ਕੀਤੀ ਗਈ। ਈਟੀਟੀ, ਬੀਐਡ ਤੇ ਟੈਟ ਪਾਸ ਅਧਿਆਪਕਾਵਾਂ, ਨਰਸਾਂ, ਆਂਗਣਵਾੜੀ ਵਰਕਰਾਂ ਤੇ ਮਿਡ ਡੇ ਮੀਲ ਕੁੱਕ ਆਪਣੇ ਹੱਕਾਂ ਤੇ ਰੁਜ਼ਗਾਰ ਲਈ ਸੜਕਾਂ 'ਤੇ ਰੋਸ ਧਰਨਿਆਂ ਦੌਰਾਨ ਮੰਤਰੀਆਂ ਦੀਆਂ ਗਾਲ੍ਹਾਂ ਤੇ ਪੁਲਿਸ ਦਾ ਜਬਰ ਜ਼ੁਲਮ ਸਹਿਣ ਲਈ ਮਜਬੂਰ ਹਨ। ਦੂਜੇ ਪਾਸੇ ਬੇਖ਼ੌਫ ਘੁੰਮਦੇ ਅਪਰਾਧੀ ਅਨਸਰਾਂ ਤੇ ਝਪਟਮਾਰ ਲਫ਼ੰਗਿਆਂ ਕਾਰਨ ਮਹਿਲਾਵਾਂ ਘਰੋਂ ਬਾਹਰ ਨਿਕਲਣ ਤੋਂ ਵੀ ਡਰਦੀਆਂ ਹਨ।
ਰਾਜ ਲਾਲੀ ਗਿੱਲ ਨੇ ਕਿਹਾ ਕਿ 'ਆਪ' ਦਾ ਮਹਿਲਾ ਵਿੰਗ ਸਰਕਾਰ ਦੀਆਂ ਇਨ੍ਹਾਂ ਤਮਾਮ ਨਾਕਾਮੀਆਂ ਬਾਰੇ ਔਰਤ ਵਰਗ ਨੂੰ ਘਰ-ਘਰ ਜਾ ਕੇ ਜਾਗਰੂਕ ਕਰਨ ਦੇ ਨਾਲ-ਨਾਲ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ 'ਚ ਮਹਿਲਾਵਾਂ, ਬੱਚੀਆਂ ਤੇ ਬਜ਼ੁਰਗਾਂ ਲਈ ਕੀਤੇ ਸ਼ਾਨਦਾਰ ਕੰਮਾਂ ਬਾਰੇ ਦੱਸੇਗਾ ਤਾਂ ਕਿ ਨਾਰੀ ਜਗਤ ਕੇਜਰੀਵਾਲ ਸਰਕਾਰ ਦੇ ਕੰਮਾਂ ਨਾਲ ਪੰਜਾਬ ਦੀ ਕੈਪਟਨ ਅਤੇ ਬਾਦਲ ਸਰਕਾਰ ਦੀ ਤੁਲਨਾ ਕਰ ਸਕਣ।
ਜੀਵਨਜੋਤ ਕੌਰ ਨੇ ਦੱਸਿਆ ਕਿ ਮਹਿਲਾ ਵਿੰਗ ਆਪਣੇ ਸੰਗਠਨਾਤਮਕ ਢਾਂਚੇ ਦੇ ਹੋਰ ਵਿਸਤਾਰ ਤੇ ਮਜ਼ਬੂਤੀ ਲਈ ਵਿਧਾਨ ਸਭਾ ਹਲਕਿਆਂ ਤੋਂ ਲੈ ਕੇ ਬੂਥ ਪੱਧਰ ਤੱਕ ਵਿਸ਼ੇਸ਼ ਮੁਹਿੰਮ ਚਲਾਏਗਾ।
ਹੁਣ ਬੀਬੀਆਂ ਨੂੰ ਲਾਮਬੰਦ ਕਰੇਗੀ ਆਮ ਆਦਮੀ ਪਾਰਟੀ
ਏਬੀਪੀ ਸਾਂਝਾ
Updated at:
17 Dec 2019 04:32 PM (IST)
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਹੁਣ ਔਰਤਾਂ ਨੂੰ ਲਾਮਬੰਦ ਕਰਨ ਦੀ ਤਿਆਰੀ ਕੀਤੀ ਹੈ। ਇਸ ਬਾਰੇ 'ਆਪ' ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜ ਲਾਲੀ ਗਿੱਲ ਤੇ ਸਹਿ ਪ੍ਰਧਾਨ ਜੀਵਨਜੋਤ ਕੌਰ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿੱਚ ਬੈਠਕ ਹੋਈ। ਇਸ ਦੌਰਾਨ ਮਹਿਲਾ ਵਿੰਗ ਦੀਆਂ ਸਰਗਰਮੀਆਂ ਬੂਥ ਪੱਧਰ ਤੱਕ ਵਧਾਉਣ ਲਈ ਅਹਿਮ ਫ਼ੈਸਲੇ ਲਏ ਗਏ।
- - - - - - - - - Advertisement - - - - - - - - -