ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀਰਵਾਰ ਨੂੰ ਹੋਣ ਵਾਲਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਰੱਦ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਸੈਸ਼ਨ ਲਈ ਰਾਜਪਾਲ ਤੋਂ ਮਨਜ਼ੂਰੀ ਮੰਗੀ ਸੀ, ਜਿਸ ਨੂੰ ਰਾਜਪਾਲ ਨੇ ਗ਼ੈਰ ਸੰਵਿਧਾਨਿਕ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਹੈ।ਇਸ ਮਗਰੋਂ ਆਪ ਵਿਧਾਇਕਾਂ ਅਤੇ ਆਗੂਆਂ ਨੇ ਇਸ ਗੈਰ ਸੰਵਿਧਾਨਕ ਕਰਾਰ ਦਿੱਤਾ।ਆਪ ਨੇ ਰਾਜਪਾਲ ਦੇ ਇਸ ਫੈਸਲੇ 'ਤੇ ਇਤਰਾਜ਼ ਜਤਾਇਆ ਹੈ।



ਵਿੱਤ ਮੰਤਰੀ ਐਡਵੋਕੇਟ ਹਰਪਾਲ ਚੀਮਾ ਨੇ ਕਿਹਾ, "ਮਾਨਯੋਗ ਰਾਜਪਾਲ ਵੱਲੋਂ ਵਿਧਾਨ ਸਭਾ ਦਾ ਸੈਸ਼ਨ ਵਾਪਸ ਲੈਣਾ ਪੰਜਾਬ ਅਤੇ ਭਾਰਤ ਲਈ ਇੱਕ ਦੁਖਦਾਈ ਅਤੇ ਮੰਦਭਾਗਾ ਦਿਨ ਹੈ। ਇਸ ਸੈਸ਼ਨ ਦਾ ਉਦੇਸ਼ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਵਿੱਚ ਪੰਜਾਬ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨਾ ਸੀ। #OperationLotus ਪੰਜਾਬ ਵਿੱਚ ਇੱਕ ਅਸਫਲਤਾ ਹੈ ਅਤੇ ਇਹ ਭਾਜਪਾ ਨੂੰ ਪੱਚ ਨਹੀਂ ਰਿਹਾ।"


ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ, "ਰਾਜਪਾਲ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ ਸਦਨ ਨੂੰ ਨਾ ਚੱਲਣ ਦੇਣਾ, ਲੋਕਤੰਤਰ ਦਾ ਘਾਣ ਅਤੇ ਬੀਜੇਪੀ ਦੀ ਬੁਖਲਾਹਟ ਦਾ ਸੰਕੇਤ ਹੈ।"


ਆਪ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ, "ਭਰੋਸੇ ਦੇ ਮਤੇ ਲਈ ਵਿਧਾਨ ਸਭਾ ਸੈਸ਼ਨ ਨੂੰ ਬੁਲਾਉਣ ਦੇ ਹੁਕਮਾਂ ਨੂੰ ਵਾਪਸ ਲੈ ਕੇ, ਪੰਜਾਬ ਦੇ ਰਾਜਪਾਲ ਇੱਕ ਵਾਇਸਰਾਏ ਵਾਂਗ ਕੰਮ ਕਰ ਰਹੇ ਹਨ ਅਤੇ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਵੀ ਦਰਸਾਉਂਦਾ ਹੈ ਕਿ 'ਅਪਰੇਸ਼ਨ ਲੋਟਸ' ਨੂੰ ਸਫਲ ਬਣਾਉਣ ਲਈ ਕਾਂਗਰਸ ਅਤੇ ਭਾਜਪਾ ਹੱਥ ਮਿਲਾਏ ਹੋਏ ਹਨ।"


ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਕਿਹਾ, "ਪੰਜਾਬ ਦੇ ਮਾਣਯੋਗ ਰਾਜਪਾਲ ਵੱਲੋਂ ਪੰਜਾਬ ਵਿਧਾਨ ਸਭਾ ਨੂੰ ਕੰਮ ਕਰਨ ਦੀ ਇਜਾਜ਼ਤ ਨਾ ਦੇਣਾ ਦੇਸ਼ ਦੀ ਲੋਕਤੰਤਰੀ ਮਰਿਆਦਾ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ਇਸ ਤਾਨਾਸ਼ਾਹੀ ਅਤੇ ਗੈਰ-ਜਮਹੂਰੀ ਫੈਸਲੇ ਨੂੰ ਪੂਰਾ ਦੇਸ਼ ਦੇਖ ਰਿਹਾ ਹੈ। ਅਜਿਹੀ ਘਿਨਾਉਣੀ ਕਾਰਵਾਈ ਭਾਰਤ ਵਿੱਚ ਲੋਕਤੰਤਰ ਦੀ ਮੌਤ ਨੂੰ ਦਰਸਾਉਂਦੀ ਹੈ।"


ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ, "ਭਾਜਪਾ ਵੱਲੋਂ ਭੇਜਿਆ ਗਿਆ ਗਵਰਨਰ ਪੰਜਾਬ ਵਿੱਚ ਲੋਕ ਨੁਮਾਇੰਦਿਆਂ ਨੂੰ ਬੋਲਣ ਨਹੀਂ ਦੇ ਰਿਹਾ, ਸੋਚੋ ਜਿਸ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੋਵੇਗੀ ਉੱਥੇ ਆਮ ਲੋਕਾਂ ਦੀ ਗੱਲ ਕੌਣ ਸੁਣੇਗਾ?"


ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ, "ਰਾਜਪਾਲ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ ਸਦਨ ਨੂੰ ਨਾ ਚੱਲਣ ਦੇਣਾ, ਲੋਕਤੰਤਰ ਦਾ ਘਾਣ ਅਤੇ ਬੀਜੇਪੀ ਦੀ ਬੁਖਲਾਹਟ ਦਾ ਸੰਕੇਤ ਹੈ।ਬੀਜੇਪੀ ਬਾਬਾ ਅੰਬੇਦਕਰ ਜੀ ਦੁਆਰਾ ਬਣਾਏ ਗਏ ਸੰਵਿਧਾਨ ਨੂੰ ਮਿੱਟੀ ਵਿੱਚ ਰੋਲ ਰਹੀ ਹੈ।ਤੁਸੀਂ ਪੰਜਾਬ ਦੇ ਕਰੋੜਾਂ ਲੋਕਾਂ ਦੀ ਆਵਾਜ਼ ਨੂੰ ਇਸ ਤਰ੍ਹਾਂ ਕਠਪੁਤਲੀ ਨਹੀਂ ਬਣਾ ਸਕਦੇ।"


ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ, "ਦੇਸ਼ ਦੇ ਲੋਕਤੰਤਰ 'ਤੇ ਵੱਡਾ ਸਵਾਲ ਇਹ ਹੈ ਕਿ ਰਾਜਪਾਲ ਵਿਧਾਨ ਸਭਾ ਨੂੰ ਚੱਲਣ ਨਹੀਂ ਦਿੰਦਾ... ਹੁਣ ਲੋਕਤੰਤਰ ਨੂੰ ਕਰੋੜਾਂ ਲੋਕਾਂ ਵੱਲੋਂ ਚੁਣੇ ਗਏ ਜਨ-ਪ੍ਰਤੀਨਿਧੀ ਜਾਂ ਕੇਂਦਰ ਸਰਕਾਰ ਦੀ ਤਰਫੋਂ ਨਿਯੁਕਤ ਵਿਅਕਤੀ ਰਾਹੀਂ ਚਲਾਇਆ ਜਾਵੇਗਾ? ਇੱਕ ਪਾਸੇ ਭੀਮ ਰਾਓ ਜੀ ਦਾ ਸੰਵਿਧਾਨ ਹੈ ਦੂਜੇ ਪਾਸੇ ਅਪਰੇਸ਼ਨ ਲੋਟਸ.... ਅਸੀਂ ਨਾ ਭਾਜਪਾ ਅੱਗੇ ਝੁਕਾਂਗੇ ਨਾ ਵਿਕਾਂਗੇ।"


ਫੌਜਾ ਸਿੰਘ ਸਰਾਰੀ ਨੇ ਕਿਹਾ, "ਪਹਿਲਾਂ ਰਾਜਪਾਲ ਨੇ ਸੈਸ਼ਨ ਨੂੰ ਇਜਾਜ਼ਤ ਦਿੱਤੀ, ਫਿਰ ਸ਼ਾਇਦ ਰਾਜ ਖੁੱਲ੍ਹਣ ਦੇ ਡਰੋਂ, ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ। ਅੱਜ BJP ਨੇ ਜਮੂਰੀਅਤ ਦਾ ਕਤਲ ਫਿਰ ਕੀਤਾ। ਇਹ ਤਾਨਾਸ਼ਾਹੀ ਨਹੀਂ ਤਾਂ ਹੋਰ ਕੀ ਹੈ? ਆਉਣ ਵਾਲੇ ਸਮੇਂ ‘ਚ ਲੋਕ ਜ਼ਰੂਰ ਇਸ ਤਾਨਾਸ਼ਾਹੀ ਨੂੰ ਨੱਥ ਪਾਉਣਗੇ।"


ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, "ਰਾਜਪਾਲ ਵੱਲੋਂ ਵਿਧਾਨ ਸਭਾ ਨਾ ਚੱਲਣ ਦੇਣਾ ਲੋਕਤੰਤਰ ਲਈ ਵੱਡਾ ਖਤਰਾ ਹੈ। ਕਈ ਵੱਡੇ ਸਵਾਲ ਪੈਦਾ ਹੁੰਦੇ ਹਨ। ਹੁਣ ਲੋਕਤੰਤਰ ਨੂੰ ਪੌਣੇ 3 ਕਰੋੜ ਲੋਕਾਂ ਵੱਲੋੰ ਚੁਣੇ ਹੋਏ ਨੁਮਾਇੰਦੇ ਚਲਾਉਣਗੇ ਜਾਂ ਕੇਂਦਰ ਸਰਕਾਰ ਦੁਆਰਾ ਨਿਯੁਕਤ ਕੀਤਾ ਹੋਇਆ ਇੱਕ ਵਿਅਕਤੀ ? ਇੱਕ ਪਾਸੇ ਬਾਬਾ ਸਾਹਿਬ ਅੰਬੇਦਕਰ ਜੀ ਦਾ ਦਾ ਸੰਵਿਧਾਨ ਤੇ ਦੂਜੇ ਪਾਸੇ ਅਪ੍ਰੇਸ਼ਨ ਲੋਟਸ"


ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ, "ਪੰਜਾਬ ਸਰਕਾਰ ਵੱਲੋਂ ਬੁਲਾਏ ਵਿਧਾਨ ਸਭਾ ਦੇ ਵਿਸ਼ੇਸ਼ ਸਦਨ ਨੂੰ ਰਾਜਪਾਲ ਵੱਲੋੰ ਰੱਦ ਕਰਨਾ ਲੋਕਤੰਤਰ ਵਿਰੋਧੀ ਕਾਰਵਾਈ ਹੈ। ਪੰਜਾਬ ਦੇ ਕਰੋੜਾਂ ਲੋਕਾਂ ਦੁਆਰਾ ਚੁਣੇ ਨੁਮਾਇੰਦਿਆਂ ਦੇ ਮੂੰਹ ਨੂੰ ਕੇਂਦਰ ਦੀ ਇੱਕ ਕਠਪੁਤਲੀ ਬੰਦ ਨਹੀਂ ਕਰ ਸਕਦੀ। ਇਹ ਬਾਬਾ ਸਾਹਿਬ ਅੰਬੇਡਕਰ ਦੇ ਜੀਵਨ ਭਰ ਦੀ ਮਿਹਨਤ ਅਤੇ ਸੰਘਰਸ਼ ਦੁਆਰਾ ਆਮ ਲੋਕਾਂ ਨੂੰ ਦਿੱਤੀ ਤਾਕਤ ਨੂੰ ਮਿੱਟੀ ਵਿੱਚ ਰੋਲ਼ਣ ਬਰਾਬਰ ਹੈ। ਮੋਦੀ ਸਰਕਾਰ ਦੀ ਇਹ ਕਾਰਵਾਈ ਸ਼ਰਮਨਾਕ ਹੈ।"


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, "ਰਾਜਪਾਲ ਵੱਲੋਂ ਵਿਧਾਨ ਸਭਾ ਨਾ ਚੱਲਣ ਦੇਣਾ ਦੇਸ਼ ਦੇ ਲੋਕਤੰਤਰ ਤੇ ਵੱਡੇ ਸਵਾਲ ਪੈਦਾ ਕਰਦਾ ਹੈ .. ਹੁਣ ਲੋਕਤੰਤਰ ਨੂੰ ਕਰੋੜਾਂ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਚਲਾਉਣਗੇ ਜਾਂ ਦਿੱਲੀ ਕੇਂਦਰ ਸਰਕਾਰ ਵੱਲੋਂ ਨਿਯੁਕਤ ਕੀਤਾ ਹੋਇਆ ਇੱਕ ਵਿਅਕਤੀ ?? ਇੱਕ ਪਾਸੇ ਭੀਮ ਰਾਓ ਜੀ ਦਾ ਸੰਵਿਧਾਨ ਤੇ ਦੂਜੇ ਪਾਸੇ ਅਪ੍ਰੇਸ਼ਨ ਲੋਟਸ…ਜਨਤਾ ਸਭ ਦੇਖ ਰਹੀ ਹੈ..।"


ਦੱਸ ਦਈਏ ਕਿ ਪੰਜਾਬ ਮੰਤਰੀ ਮੰਡਲ ਨੇ ਵੀਰਵਾਰ ਨੂੰ ਬੁਲਾਏ ਜਾਣ ਵਾਲੇ ਵਿਧਾਨ ਸਭਾ ਦੇ ਤੀਜੇ ਵਿਸ਼ੇਸ਼ ਸੈਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਇਸ ਦੇ ਨਾਲ ਹੀ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਵ੍ਹਿਪ ਵੀ ਜਾਰੀ ਕੀਤਾ ਗਿਆ।ਇਸ ਦੇ ਨਾਲ ਹੀ 'ਆਪ' ਦੇ ਸਾਰੇ ਵਿਧਾਇਕਾਂ ਨੂੰ ਵੀ ਸੈਸ਼ਨ 'ਚ ਹਾਜ਼ਰ ਰਹਿਣ ਦੇ ਹੁਕਮ ਦਿੱਤੇ ਗਏ ਹਨ।