ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਚੰਡੀਗੜ੍ਹ 'ਚ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਕਾਂਗਰਸ ਦਾ ਹੱਥ ਫੜਿਆ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ 'ਆਪ' ਲਈ ਇਹ ਕਾਫੀ ਵੱਡਾ ਝਟਕਾ ਹੈ। ਇਸ ਤੋਂ ਪਹਿਲਾਂ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਵੀ 'ਆਪ' ਛੱਡ ਕੇ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਸੀ। ਹਾਲਾਂਕਿ, ਉਹ 'ਆਪ' ਦੇ ਬਾਗ਼ੀ ਧੜੇ ਨਾਲ ਸਬੰਧਤ ਸਨ। ਪਰ ਸੰਦੋਆ 'ਆਪ' ਹਾਈਕਮਾਨ ਦਾ ਪੱਖ ਪੂਰਨ ਵਾਲਿਆਂ ਵਿੱਚੋਂ ਸਨ। 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ ਨੂੰ 10-10 ਕਰੋੜ ਰੁਪਏ ਤੇ ਉੱਚੇ ਅਹੁਦਿਆਂ ਦੇ ਲਾਲਚ ਦੇ ਕੇ ਖਰੀਦ ਰਹੀ ਹੈ। ਹਾਲਾਂਕਿ, ਮਾਨ ਦੇ ਇਸ ਦੋਸ਼ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੰਡਨ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਕੋਲ ਪਹਿਲਾਂ ਹੀ ਪੂਰਨ ਬਹੁਮਤ ਹੈ।
ਸੰਦੋਆ ਸਮੇਤ 'ਆਪ' ਦੇ 20 ਵਿੱਚੋਂ ਪੰਜ ਵਿਧਾਇਕ ਪਾਰਟੀ ਛੱਡ ਚੁੱਕੇ ਹਨ। ਇਨ੍ਹਾਂ ਵਿੱਚ ਸਿਆਸਤ ਤੋਂ ਕਿਨਾਰਾ ਕਰ ਚੁੱਕੇ ਦਾਖਾ ਤੋਂ ਵਿਧਾਇਕ ਤੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਵੀ ਸ਼ਾਮਲ ਹਨ। ਸੁਖਪਾਲ ਖਹਿਰਾ ਨੇ ਆਪਣਾ ਨਵਾਂ ਸਿਆਸੀ ਦਲ ਪੰਜਾਬ ਏਕਤਾ ਪਾਰਟੀ, ਕਾਇਮ ਕਰ ਲਿਆ ਤੇ ਜੈਤੋ ਤੋਂ 'ਆਪ' ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਹੁਣ ਉਨ੍ਹਾਂ ਦੀ ਪਾਰਟੀ ਦਾ ਹਿੱਸਾ ਹਨ। ਦੋਵੇਂ ਸਿਆਸਤਦਾਨ ਕ੍ਰਮਵਾਰ ਬਠਿੰਡਾ ਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਤੋਂ ਚੋਣ ਲੜ ਰਹੇ ਹਨ।
ਹੁਣ 'ਆਪ' ਕੋਲ ਆਪਣੇ 15 ਵਿਧਾਇਕ ਹੀ ਰਹਿ ਗਏ ਹਨ ਅਤੇ ਵਿਧਾਨ ਸਭਾ ਵਿੱਚ ਦੂਜੀ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਹੈ, ਜਿਸ ਕੋਲ ਅੱਜ 14 ਵਿਧਾਇਕ ਹਨ। ਅਜਿਹੇ ਵਿੱਚ 'ਆਪ' ਦੀ ਮੁੱਖ ਵਿਰੋਧੀ ਧਿਰ ਦੇ ਪਦਵੀ 'ਤੇ ਵੀ ਤਲਵਾਰ ਲਟਕ ਰਹੀ ਹੈ। ਉੱਧਰ, ਪੰਜਾਬ ਵਿੱਚ ਵੱਖ-ਵੱਖ ਪਾਰਟੀਆਂ ਦੇ ਨੌਂ ਮੌਜੂਦਾ ਵਿਧਾਇਕ ਲੋਕ ਸਭਾ ਚੋਣ ਲੜ ਰਹੇ ਹਨ ਤੇ ਪੰਜ ਪਾਰਟੀ ਬਦਲ ਜਾਂ ਛੱਡ ਚੁੱਕੇ ਹਨ। ਅਜਿਹੇ ਵਿੱਚ ਲੋਕ ਸਭਾ ਚੋਣਾਂ ਮਗਰੋਂ ਪੰਜਾਬ ਵਿੱਚ ਜ਼ਿਮਨੀ ਕਈ ਚੋਣਾਂ ਹੋਣੀਆਂ ਵੀ ਤੈਅ ਹਨ।
ਜ਼ਰੂਰ ਪੜ੍ਹੋ- ਕਾਂਗਰਸ ਦੇ ਹੋ ਕੇ ਕੁਝ ਇਸ ਤਰ੍ਹਾਂ ਦਾ ਮਹਿਸੂਸ ਕਰ ਰਹੇ 'ਆਪ' ਛੱਡ ਗਏ MLA ਸੰਦੋਆ
'ਆਪ' ਦਾ ਇੱਕ ਹੋਰ ਵਿਧਾਇਕ ਬਣਿਆ ਕਾਂਗਰਸੀ, ਵਿਰੋਧੀ ਧਿਰ ਦੀ ਹਾਲਤ ਪਈ ਪਤਲੀ
ਏਬੀਪੀ ਸਾਂਝਾ
Updated at:
04 May 2019 05:55 PM (IST)
ਹੁਣ 'ਆਪ' ਕੋਲ ਆਪਣੇ 15 ਵਿਧਾਇਕ ਹੀ ਰਹਿ ਗਏ ਹਨ ਅਤੇ ਵਿਧਾਨ ਸਭਾ ਵਿੱਚ ਦੂਜੀ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਹੈ, ਜਿਸ ਕੋਲ ਅੱਜ 14 ਵਿਧਾਇਕ ਹਨ। ਅਜਿਹੇ ਵਿੱਚ 'ਆਪ' ਦੀ ਮੁੱਖ ਵਿਰੋਧੀ ਧਿਰ ਦੇ ਪਦਵੀ 'ਤੇ ਵੀ ਤਲਵਾਰ ਲਟਕ ਰਹੀ ਹੈ।
- - - - - - - - - Advertisement - - - - - - - - -